ਏਸ਼ੀਆ ਕੱਪ 'ਚ ਵੀਰਵਾਰ ਨੂੰ ਭਾਰਤ ਅਤੇ ਅਫਗਾਨਿਸਤਾਨ ਦਾ ਮੈਚ ਹੋਇਆ ਸੀ। ਇਸ ਮੈਚ 'ਚ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਅਜੇਤੂ ਪਾਰੀ ਖੇਡਦੇ ਹੋਏ ਸੈਂਕੜਾ ਲਗਾਇਆ। ਸੈਂਕੜੇ ਦੀ ਖੁਸ਼ੀ 'ਚ ਕੋਹਲੀ ਨੇ ਖੁਸ਼ੀ 'ਚ ਸਭ ਤੋਂ ਪਹਿਲਾਂ ਰਿੰਗ ਨੂੰ ਚੁੰਮਿਆ ਅਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰੀ ਪਤਨੀ ਅਨੁਸ਼ਕਾ ਨੇ ਮੁਸ਼ਕਿਲ ਹਾਲਾਤਾਂ 'ਚ ਮੇਰਾ ਸਾਥ ਦਿੱਤਾ ਹੈ। ਇਸ ਤੋਂ ਬਾਅਦ ਵਿਰਾਟ ਦੀ ਪਤਨੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕੀਤੀ ਹੈ।
ਅਨੁਸ਼ਕਾ ਨੇ ਆਪਣੀ ਪੋਸਟ 'ਚ ਵਿਰਾਟ ਕੋਹਲੀ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, ਮੈਂ ਹਰ ਹਾਲ 'ਚ ਤੁਹਾਡੇ ਨਾਲ ਹਾਂ। ਵਿਰਾਟ ਕੋਹਲੀ ਨੇ ਇਸ ਪੋਸਟ 'ਤੇ ਕਮੈਂਟ 'ਚ ਦਿਲ ਦਾ ਇਮੋਜੀ ਲਿਖਿਆ ਹੈ। ਵਿਰਾਟ ਨੇ ਲਗਭਗ ਤਿੰਨ ਸਾਲ (1020 ਦਿਨ) ਬਾਅਦ ਅੰਤਰਰਾਸ਼ਟਰੀ ਕ੍ਰਿਕਟ 'ਚ ਸੈਂਕੜਾ ਲਗਾਇਆ ਹੈ। ਇਸ ਤੋਂ ਪਹਿਲਾਂ, ਉਸਨੇ 23 ਨਵੰਬਰ, 2019 ਨੂੰ ਬੰਗਲਾਦੇਸ਼ ਦੇ ਖਿਲਾਫ ਕੋਲਕਾਤਾ ਟੈਸਟ ਵਿੱਚ ਆਪਣੇ ਕਰੀਅਰ ਦਾ 70ਵਾਂ ਸੈਂਕੜਾ ਲਗਾਇਆ ਸੀ।
ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਇਹ ਉਸਦਾ ਪਹਿਲਾ ਸੈਂਕੜਾ ਹੈ। ਵਿਰਾਟ ਕੋਹਲੀ ਨੇ ਹੁਣ ਸਭ ਤੋਂ ਵੱਧ ਅੰਤਰਰਾਸ਼ਟਰੀ ਸੈਂਕੜੇ ਲਗਾਉਣ ਦੇ ਮਾਮਲੇ ਵਿੱਚ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਦੀ ਬਰਾਬਰੀ ਕਰ ਲਈ ਹੈ। ਦੋਵਾਂ ਦੇ ਨਾਂ 71-71 ਸੈਂਕੜੇ ਹਨ। ਸਚਿਨ ਤੇਂਦੁਲਕਰ 100 ਸੈਂਕੜੇ ਬਣਾ ਕੇ ਸਭ ਤੋਂ ਅੱਗੇ ਹਨ। ਅਨੁਸ਼ਕਾ ਆਪਣੀ ਆਉਣ ਵਾਲੀ ਫਿਲਮ 'ਚ ਕ੍ਰਿਕਟ ਖੇਡਦੀ ਨਜ਼ਰ ਆਵੇਗੀ।
ਉਹ ਚੱਕਦਾ ਐਕਸਪ੍ਰੈਸ ਵਿੱਚ ਝੂਲਨ ਗੋਸਵਾਮੀ ਦੀ ਭੂਮਿਕਾ ਵਿੱਚ ਨਜ਼ਰ ਆਵੇਗੀ। ਇਸ ਫਿਲਮ ਨਾਲ ਉਹ 4 ਸਾਲ ਬਾਅਦ ਇਕ ਵਾਰ ਫਿਰ ਵੱਡੇ ਪਰਦੇ 'ਤੇ ਨਜ਼ਰ ਆਵੇਗੀ। ਅਨੁਸ਼ਕਾ ਆਖਰੀ ਵਾਰ 2018 ਦੀ ਫਿਲਮ ਜ਼ੀਰੋ ਵਿੱਚ ਸ਼ਾਹਰੁਖ ਖਾਨ ਦੇ ਨਾਲ ਨਜ਼ਰ ਆਈ ਸੀ। ਹਾਲਾਂਕਿ ਵਿਰਾਟ ਦੇ ਆਲੋਚਕ ਇਸ ਸੈਂਕੜੇ ਤੋਂ ਬਾਅਦ ਵੀ ਚੁੱਪ ਨਹੀਂ ਬੈਠੇ ਅਤੇ ਕਹਿਣ ਲੱਗੇ ਕਿ ਅਫਗਾਨਿਸਤਾਨ ਖਿਲਾਫ ਸੈਂਕੜਾ ਮਾਰਿਆ ਹੈ। ਏਸ਼ੀਆ ਕੱਪ ਤੋਂ ਬਾਹਰ ਹੋਣ ਤੋਂ ਬਾਅਦ ਸੈਂਕੜਾ ਲੱਗਾ ਹੈ, ਇਸ ਦਾ ਕੋਈ ਮਤਲਬ ਨਹੀਂ ਹੈ। ਇਹ ਬੇਕਾਰ ਸੈਂਕੜਾ ਹੈ। ਉਹ ਹੁਣ ਜੋ ਵੀ ਕਹਿਣਾ ਚਾਹੇ, ਪਰ ਉਹ ਵਿਰਾਟ ਦੇ 71ਵੇਂ ਸੈਂਕੜੇ ਨੂੰ ਰਿਕਾਰਡ ਬੁੱਕ ਤੋਂ ਮਿਟਾ ਨਹੀਂ ਸਕਦੇ।