
ਇੰਗਲੈਂਡ ਦੀ ਟੀਮ ਨੇ ਐਤਵਾਰ ਨੂੰ ਮੈਲਬੋਰਨ ਕ੍ਰਿਕਟ ਗਰਾਊਂਡ 'ਤੇ ਖੇਡੇ ਗਏ ਫਾਈਨਲ 'ਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਦੂਜੀ ਵਾਰ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤ ਲਿਆ। ਇੰਗਲੈਂਡ ਦੇ ਕੋਲ ਇਸ ਸਮੇਂ ਵਨਡੇ ਵਿਸ਼ਵ ਕੱਪ ਦਾ ਖਿਤਾਬ ਵੀ ਹੈ। ਪਹਿਲੀ ਵਾਰ, ਕਿਸੇ ਟੀਮ ਦੇ ਕੋਲ ਇੱਕੋ ਸਮੇਂ ਵਨਡੇ ਅਤੇ ਟੀ-20 ਦੋਵਾਂ ਦਾ ਵਿਸ਼ਵ ਖਿਤਾਬ ਹੈ।
ਫਾਈਨਲ 'ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਪਾਕਿਸਤਾਨ ਦੀ ਟੀਮ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 137 ਦੌੜਾਂ ਹੀ ਬਣਾ ਸਕੀ। ਜਵਾਬ 'ਚ ਇੰਗਲੈਂਡ ਨੇ 19 ਓਵਰਾਂ 'ਚ 5 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਇੰਗਲੈਂਡ ਲਈ ਬੇਨ ਸਟੋਕਸ ਨੇ ਨਾਬਾਦ ਸਭ ਤੋਂ ਵੱਧ 52 ਦੌੜਾਂ ਬਣਾਈਆਂ। ਪਾਕਿਸਤਾਨ ਲਈ ਹੈਰਿਸ ਰੌਫ ਨੇ 2 ਵਿਕਟਾਂ ਲਈਆਂ।
ਪਲੇਅਰ ਆਫ ਦਾ ਮੈਚ ਅਤੇ ਪਲੇਅਰ ਆਫ ਦਾ ਟੂਰਨਾਮੈਂਟ ਸੈਮ ਕਰਨ ਬਣੇ।
ਪਾਕਿਸਤਾਨ ਲਈ ਸ਼ਾਨ ਮਸੂਦ ਨੇ 38 ਦੌੜਾਂ ਬਣਾਈਆਂ। ਉਸ ਨੇ 28 ਗੇਂਦਾਂ ਦਾ ਸਾਹਮਣਾ ਕੀਤਾ। ਇਸ ਦੇ ਨਾਲ ਹੀ ਬਾਬਰ ਆਜ਼ਮ ਦੇ ਬੱਲੇ ਤੋਂ 28 ਗੇਂਦਾਂ ਵਿੱਚ 32 ਦੌੜਾਂ ਆਈਆਂ। ਇੰਗਲੈਂਡ ਲਈ ਸੈਮ ਕਰਨ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਆਦਿਲ ਰਾਸ਼ਿਦ ਨੂੰ 2 ਸਫਲਤਾ ਮਿਲੀ।