ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਭਾਰਤੀ ਕ੍ਰਿਕਟ ਟੀਮ ਦਾ ਇਸ ਫਾਰਮੈਟ ਦਾ ਇਹ 1000ਵਾਂ ਮੈਚ ਹੋਵੇਗਾ। ਦੁਨੀਆਂ 'ਚ ਪਹਿਲੀ ਵਾਰ ਕੋਈ ਟੀਮ 1000 ਵਨਡੇ ਖੇਡਣ ਦਾ ਮਾਇਲਸਟੋਨ ਹਾਸਲ ਕਰੇਗੀ।
ਭਾਰਤ ਨੇ ਹੁਣ ਤੱਕ 999 ਵਨਡੇ ਮੈਚ ਖੇਡੇ ਹਨ। ਇਹਨਾਂ ਵਿੱਚੋਂ 518 ਜਿੱਤੇ, 431 ਹਾਰੇ, 9 ਮੈਚ ਟਾਈ ਰਹੇ ਅਤੇ 41 ਦਾ ਕੋਈ ਨਤੀਜਾ ਨਹੀਂ ਨਿਕਲਿਆ। ਭਾਰਤ ਤੋਂ ਬਾਅਦ ਸਭ ਤੋਂ ਵੱਧ ਵਨਡੇ ਖੇਡਣ ਵਾਲੀ ਦੂਜੀ ਟੀਮ ਆਸਟ੍ਰੇਲੀਆ (958) ਹੈ। ਜਦਕਿ ਪਾਕਿਸਤਾਨ ਤੀਜੇ ਨੰਬਰ 'ਤੇ ਹੈ। ਪਾਕਿਸਤਾਨ ਨੇ ਹੁਣ ਤੱਕ 936 ਵਨਡੇ ਮੈਚ ਖੇਡੇ ਹਨ।
ਟੀਮ ਇੰਡੀਆ ਲਈ 1000ਵਾਂ ਵਨਡੇ ਬਹੁਤ ਖਾਸ ਹੋਣ ਵਾਲਾ ਹੈ। ਭਾਰਤ ਨੇ ਆਪਣਾ ਪਹਿਲਾ ਵਨਡੇ 1974 ਵਿੱਚ ਇੰਗਲੈਂਡ ਖਿਲਾਫ ਖੇਡਿਆ ਸੀ। 48 ਸਾਲਾਂ ਦੇ ਇੱਕ ਰੋਜ਼ਾ ਮੈਚਾਂ ਦੇ ਇਤਿਹਾਸ ਵਿੱਚ, ਮੈਨ ਇਨ ਬਲੂ ਨੇ ਦੋ ਵਿਸ਼ਵ ਕੱਪ (1983, 2011) ਜਿੱਤੇ ਹਨ। ਟੀਮ ਨੇ 2000 ਅਤੇ 2013 ਵਿੱਚ ਆਈਸੀਸੀ ਚੈਂਪੀਅਨਜ਼ ਟਰਾਫੀ ਵੀ ਜਿੱਤੀ ਸੀ।
ਇਸ ਮੈਚ ਦੀ ਸਭ ਤੋਂ ਰੋਚਕ ਗੱਲ ਇਹ ਹੈ ਕਿ ਵਿਰਾਟ ਕੋਹਲੀ ਨੂੰ ਕਪਤਾਨੀ ਤੋਂ ਹਟਾਏ ਜਾਣ ਤੋਂ ਬਾਅਦ ਵਨਡੇ ਕਪਤਾਨ ਵਜੋਂ ਰੋਹਿਤ ਸ਼ਰਮਾ ਦੀ ਇਹ ਪਹਿਲੀ ਸੀਰੀਜ਼ ਹੋਵੇਗੀ। ਨਾਲ ਹੀ ਵਿਰਾਟ ਪਹਿਲੀ ਵਾਰ ਰੋਹਿਤ ਦੀ ਕਪਤਾਨੀ 'ਚ ਖੇਡਦੇ ਨਜ਼ਰ ਆਉਣਗੇ। ਰੋਹਿਤ ਵਿਰਾਟ ਦੇ ਛੇਵੇਂ ਵਨਡੇ ਕਪਤਾਨ ਹੋਣਗੇ।
ਇਸ ਤੋਂ ਪਹਿਲਾਂ ਵਿਰਾਟ, ਐੱਮਐੱਸ ਧੋਨੀ, ਵਰਿੰਦਰ ਸਹਿਵਾਗ, ਸੁਰੇਸ਼ ਰੈਨਾ, ਗੌਤਮ ਗੰਭੀਰ ਅਤੇ ਕੇਐੱਲ ਰਾਹੁਲ ਦੀ ਕਪਤਾਨੀ ਹੇਠ ਖੇਡ ਚੁੱਕੇ ਹਨ।