ਸਾਹਾ ਨੂੰ ਧਮਕੀ : ਪੱਤਰਕਾਰ ਮਜੂਮਦਾਰ ਦੀ 2 ਸਾਲ ਤੱਕ ਸਟੇਡੀਅਮ 'ਚ ਐਂਟਰੀ ਬੈਨ

BCCI ਨੇ ਕਿਹਾ ਹੈ,ਕਿ ਅਸੀਂ ਦੇਸ਼ ਭਰ ਦੀਆਂ ਸਾਰੀਆਂ ਰਾਜ ਇਕਾਈਆਂ ਨੂੰ ਸੂਚਿਤ ਕਰਨ ਜਾ ਰਹੇ ਹਾਂ, ਕਿ ਬੋਰੀਆ ਮਜੂਮਦਾਰ ਨੂੰ ਕਿਸੇ ਵੀ ਸਟੇਡੀਅਮ 'ਚ ਦਾਖਲ ਹੋਣ ਦੀ ਇਜਾਜ਼ਤ ਨਾ ਦਿੱਤੀ ਜਾਵੇ।
ਸਾਹਾ ਨੂੰ ਧਮਕੀ : ਪੱਤਰਕਾਰ ਮਜੂਮਦਾਰ ਦੀ 2 ਸਾਲ ਤੱਕ ਸਟੇਡੀਅਮ 'ਚ ਐਂਟਰੀ ਬੈਨ

ਰਿਧੀਮਾਨ ਸਾਹਾ ਨੂੰ ਧਮਕੀ ਦੇਣ ਵਾਲੇ ਪੱਤਰਕਾਰ ਦੇ ਖਿਲਾਫ BCCI ਨੇ ਹੁਣ ਸਖਤ ਕਦਮ ਚੁੱਕਿਆ ਹੈ। BCCI ਨੇ ਕ੍ਰਿਕਟ ਇਤਿਹਾਸਕਾਰ, ਪੱਤਰਕਾਰ ਅਤੇ ਜੀਵਨੀ ਲੇਖਕ ਬੋਰੀਆ ਮਜੂਮਦਾਰ 'ਤੇ ਦੋ ਸਾਲ ਦੀ ਪਾਬੰਦੀ ਲਗਾ ਦਿੱਤੀ ਹੈ। ਮਜੂਮਦਾਰ 'ਤੇ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਨੂੰ ਇੰਟਰਵਿਊ ਦੇ ਨਾਂ 'ਤੇ ਧਮਕਾਉਣ ਦਾ ਦੋਸ਼ ਹੈ।

BCCI ਨੇ ਕਿਹਾ- ਅਸੀਂ ਦੇਸ਼ ਭਰ ਦੀਆਂ ਸਾਰੀਆਂ ਰਾਜ ਇਕਾਈਆਂ ਨੂੰ ਸੂਚਿਤ ਕਰਨ ਜਾ ਰਹੇ ਹਾਂ ਕਿ ਬੋਰੀਆ ਨੂੰ ਕਿਸੇ ਵੀ ਸਟੇਡੀਅਮ 'ਚ ਦਾਖਲ ਹੋਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਘਰੇਲੂ ਮੈਚਾਂ ਵਿੱਚ ਵੀ ਬੋਰੀਆ ਨੂੰ ਮੀਡੀਆ ਮਾਨਤਾ ਨਹੀਂ ਦਿੱਤੀ ਜਾਵੇਗੀ। ਮੀਡੀਆ ਮਾਨਤਾ ਦੀ ਘਾਟ ਦਾ ਮਤਲਬ ਹੈ ਕਿ ਮਜੂਮਦਾਰ ਹੁਣ ਟੀਮ ਇੰਡੀਆ ਦੀ ਕਿਸੇ ਵੀ ਪ੍ਰੈੱਸ ਕਾਨਫਰੰਸ 'ਚ ਸ਼ਾਮਲ ਨਹੀਂ ਹੋ ਸਕਣਗੇ।

ਇਸ ਤੋਂ ਇਲਾਵਾ ਸਾਰੇ ਭਾਰਤੀ ਖਿਡਾਰੀਆਂ ਨੂੰ ਵੀ ਵਿਸ਼ੇਸ਼ ਤੌਰ 'ਤੇ ਕਿਹਾ ਜਾਵੇਗਾ ਕਿ ਉਹ ਬੋਰੀਆ ਮਜੂਮਦਾਰ ਨਾਲ ਕਿਸੇ ਤਰ੍ਹਾਂ ਦੀ ਗੱਲਬਾਤ ਨਾ ਕਰਨ। ਇਸ ਤੋਂ ਇਲਾਵਾ ਬੋਰਡ ਬੋਰੀਆ ਬਾਰੇ ਆਈਸੀਸੀ ਨੂੰ ਵੀ ਸ਼ਿਕਾਇਤ ਕਰੇਗਾ ਅਤੇ ਉਸ ਨੂੰ ਦੁਨੀਆ ਭਰ ਵਿੱਚ ਹੋਣ ਵਾਲੇ ਆਈਸੀਸੀ ਟੂਰਨਾਮੈਂਟਾਂ ’ਤੇ ਪਾਬੰਦੀ ਲਾਉਣ ਲਈ ਕਿਹਾ ਹੈ।

ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇਸ ਸਾਲ 19 ਫਰਵਰੀ ਨੂੰ ਗੁਜਰਾਤ ਟਾਈਟਨਜ਼ ਦੇ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਨੇ ਸਕਰੀਨ ਸ਼ਾਟ ਸ਼ੇਅਰ ਕਰਦੇ ਹੋਏ ਲਿਖਿਆ ਸੀ, ਕਿ ਭਾਰਤੀ ਕ੍ਰਿਕਟ 'ਚ ਇੰਨਾ ਯੋਗਦਾਨ ਦੇਣ ਦੇ ਬਾਵਜੂਦ ਵੀ ਮੈਂ ਇਸ ਸਭ ਦਾ ਸਾਹਮਣਾ ਇਕ ਅਖੌਤੀ ਸਨਮਾਨਯੋਗ ਵਿਅਕਤੀ ਤੋਂ ਕਰ ਰਿਹਾ ਹਾਂ, ਜੋ ਕਿ ਇਕ ਪੱਤਰਕਾਰ ਹੈ। ਸਾਡੇ ਦੇਸ਼ ਵਿੱਚ ਪੱਤਰਕਾਰੀ ਕਿਸ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ।

ਸਾਹਾ ਨੇ ਇਸ ਦੌਰਾਨ ਮਜੂਮਦਾਰ ਦੇ ਸਕਰੀਨ ਸ਼ਾਟ ਵੀ ਸ਼ੇਅਰ ਕੀਤੇ। ਉਨ੍ਹਾਂ ਵਿੱਚ ਲਿਖਿਆ ਸੀ, 'ਤੁਸੀਂ ਮੈਨੂੰ ਨਹੀਂ ਬੁਲਾਇਆ। ਮੈਂ ਕਦੇ ਵੀ ਤੁਹਾਡੀ ਇੰਟਰਵਿਊ ਨਹੀਂ ਕਰਾਂਗਾ। ਮੈਂ ਆਸਾਨੀ ਨਾਲ ਅਪਮਾਨ ਦਾ ਘੁੱਟ ਨਹੀਂ ਪੀਂਦਾ। ਮੈਨੂੰ ਇਹ ਗੱਲ ਹਮੇਸ਼ਾ ਯਾਦ ਰਹੇਗੀ।' ਟੀਮ ਇੰਡੀਆ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਸਮੇਤ ਕਈ ਸਾਬਕਾ ਖਿਡਾਰੀਆਂ ਨੇ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੂੰ ਇਸ ਮਾਮਲੇ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਸੀ।

ਸੋਸ਼ਲ ਮੀਡੀਆ ਰਾਹੀਂ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਬੀਸੀਸੀਆਈ ਨੇ ਉਪ ਪ੍ਰਧਾਨ ਰਾਜੀਵ ਸ਼ੁਕਲਾ, ਖਜ਼ਾਨਚੀ ਅਰੁਣ ਧੂਮਲ ਅਤੇ ਸਿਖਰ ਕੌਂਸਲ ਦੇ ਮੈਂਬਰ ਪ੍ਰਭਤੇਜ ਭਾਟੀਆ ਨਾਲ 3 ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਦੇ ਸਾਹਮਣੇ ਆ ਕੇ ਸਾਹਾ ਨੇ ਮਜੂਮਦਾਰ ਨੂੰ ਪਛਾਣ ਲਿਆ ਗਿਆ ਹੈ ਅਤੇ ਉਸਤੇ ਧਮਕਾਉਣ ਦੇ ਦੋਸ਼ ਲਗੇ ਹਨ । ਹਾਲਾਂਕਿ, ਮਜੂਮਦਾਰ ਨੇ ਆਪਣੇ ਬਚਾਅ ਵਿੱਚ ਕਿਹਾ ਸੀ ਕਿ ਸਕ੍ਰੀਨ ਸ਼ਾਟ ਨਾਲ ਛੇੜਛਾੜ ਕੀਤੀ ਗਈ ਹੈ।

Related Stories

No stories found.
logo
Punjab Today
www.punjabtoday.com