
ਸ਼ੁਭਮਨ ਗਿੱਲ ਲਈ ਸਾਲ 2022-23 ਬਹੁਤ ਵਧੀਆ ਰਿਹਾ ਹੈ। ਸ਼ੁਭਮਨ ਗਿੱਲ ਟੀ-20 ਇੰਟਰਨੈਸ਼ਨਲ 'ਚ ਭਾਰਤ ਲਈ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਬੱਲੇਬਾਜ਼ ਬਣ ਗਏ। ਉਸਨੇ ਵਿਰਾਟ ਕੋਹਲੀ (122 ਦੌੜਾਂ) ਦਾ ਰਿਕਾਰਡ ਤੋੜ ਦਿੱਤਾ ਹੈ। ਗਿੱਲ ਦਾ ਸੈਂਕੜਾ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤੀ ਬੱਲੇਬਾਜ਼ਾਂ ਦਾ 13ਵਾਂ ਸੈਂਕੜਾ ਹੈ।
ਰੋਹਿਤ ਸ਼ਰਮਾ ਚਾਰ ਸੈਂਕੜਿਆਂ ਨਾਲ ਸਭ ਤੋਂ ਅੱਗੇ ਹੈ। ਗਿੱਲ ਦੀ ਸ਼ਾਨਦਾਰ ਫਾਰਮ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ, ਕਿ ਉਸਨੇ ਪਿਛਲੇ 6 ਮਹੀਨਿਆਂ 'ਚ ਤਿੰਨਾਂ ਫਾਰਮੈਟਾਂ ਜਿਵੇਂ ਟੈਸਟ, ਵਨਡੇ ਅਤੇ ਟੀ-20 'ਚ ਸੈਂਕੜੇ ਲਗਾਏ ਹਨ। ਗਿੱਲ ਤਿੰਨੋਂ ਫਾਰਮੈਟਾਂ ਵਿੱਚ ਸੈਂਕੜਾ ਲਗਾਉਣ ਵਾਲਾ ਪੰਜਵਾਂ ਭਾਰਤੀ ਅਤੇ ਦੁਨੀਆ ਦਾ 21ਵਾਂ ਬੱਲੇਬਾਜ਼ ਬਣ ਗਿਆ ਹੈ।
ਗਿੱਲ ਤੋਂ ਪਹਿਲਾਂ ਸੁਰੇਸ਼ ਰੈਨਾ, ਕੇਐੱਲ ਰਾਹੁਲ, ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਇਹ ਕਾਰਨਾਮਾ ਕਰ ਚੁੱਕੇ ਹਨ। ਗਿੱਲ ਤਿੰਨੋਂ ਫਾਰਮੈਟਾਂ ਵਿੱਚ ਸੈਂਕੜਾ ਲਗਾਉਣ ਵਾਲੇ ਦੁਨੀਆ ਦੇ ਦੂਜੇ ਸਭ ਤੋਂ ਨੌਜਵਾਨ ਬੱਲੇਬਾਜ਼ ਹਨ। ਪਾਕਿਸਤਾਨ ਦੇ ਮੁਹੰਮਦ ਸ਼ਹਿਜ਼ਾਦ ਨੇ 22 ਸਾਲ 127 ਦਿਨ ਦੀ ਉਮਰ ਵਿੱਚ ਇਹ ਉਪਲਬਧੀ ਹਾਸਲ ਕੀਤੀ ਸੀ । ਗਿੱਲ ਨੇ ਇਹ ਕਾਰਨਾਮਾ 23 ਸਾਲ 146 ਦਿਨਾਂ ਵਿੱਚ ਕੀਤਾ ਹੈ।
ਨਿਊਜ਼ੀਲੈਂਡ ਦੀ ਟੀਮ ਤੀਜੇ ਟੀ-20 'ਚ ਸਿਰਫ 66 ਦੌੜਾਂ 'ਤੇ ਆਲ ਆਊਟ ਹੋ ਗਈ। ਇਹ ਭਾਰਤੀ ਪਿੱਚਾਂ 'ਤੇ ਟੀ-20 ਅੰਤਰਰਾਸ਼ਟਰੀ 'ਚ ਕਿਸੇ ਵੀ ਟੀਮ ਦਾ ਸਭ ਤੋਂ ਘੱਟ ਸਕੋਰ ਹੈ। ਨਿਊਜ਼ੀਲੈਂਡ ਦੀ ਹਾਰ ਟੀ-20 ਅੰਤਰਰਾਸ਼ਟਰੀ ਵਿੱਚ ਕਿਸੇ ਵੀ ਟੈਸਟ ਟੀਮ ਦੀ ਸਭ ਤੋਂ ਵੱਡੀ ਹਾਰ ਹੈ। ਕਿਸੇ ਵੀ ਟੈਸਟ ਟੀਮ ਦੀ ਸਭ ਤੋਂ ਵੱਡੀ ਜਿੱਤ ਸ਼੍ਰੀਲੰਕਾ ਦੇ ਨਾਮ ਹੈ। ਸ਼੍ਰੀਲੰਕਾ ਨੇ 2007 ਵਿੱਚ ਕੀਨੀਆ ਨੂੰ 172 ਦੌੜਾਂ ਨਾਲ ਹਰਾਇਆ ਸੀ। ਭਾਰਤ ਨੇ ਟੀ-20 'ਚ ਟੈਸਟ ਟੀਮ ਦੀ ਦੂਜੀ ਸਭ ਤੋਂ ਵੱਡੀ ਜਿੱਤ ਦਾ ਰਿਕਾਰਡ ਬਣਾ ਲਿਆ ਹੈ।
ਸ਼੍ਰੀਲੰਕਾ ਅਤੇ ਵੈਸਟਇੰਡੀਜ਼ ਖਿਲਾਫ ਘਰੇਲੂ ਮੈਦਾਨ 'ਤੇ ਸਫੇਦ ਗੇਂਦ ਦੀ ਸੀਰੀਜ਼ ਖੇਡਣ ਤੋਂ ਬਾਅਦ ਟੀਮ ਇੰਡੀਆ ਹੁਣ ਟੈਸਟ ਮੈਚ ਖੇਡਣ ਜਾ ਰਹੀ ਹੈ। ਆਸਟ੍ਰੇਲੀਆ ਦੇ ਖਿਲਾਫ ਚਾਰ ਟੈਸਟ ਮੈਚਾਂ ਦੀ ਸੀਰੀਜ਼ ਭਾਰਤ 'ਚ 9 ਫਰਵਰੀ ਤੋਂ ਸ਼ੁਰੂ ਹੋ ਰਹੀ ਹੈ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚਣ ਲਈ ਭਾਰਤ ਲਈ ਇਹ ਸੀਰੀਜ਼ ਬਹੁਤ ਮਹੱਤਵਪੂਰਨ ਹੈ। ਭਾਰਤ ਨੂੰ ਸੀਰੀਜ਼ 'ਚ ਘੱਟੋ-ਘੱਟ 2 ਟੈਸਟ ਮੈਚ ਜਿੱਤਣੇ ਹੋਣਗੇ।