
ਸੂਰਿਆਕੁਮਾਰ ਯਾਦਵ ਕ੍ਰਿਕਟ ਦੀ ਦੁਨੀਆਂ ਵਿਚ ਨਵੇਂ ਰਿਕਾਰਡ ਬਣਾ ਰਹੇ ਹਨ। ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਖਿਲਾਫ ਪਹਿਲੇ ਟੀ-20 ਅੰਤਰਰਾਸ਼ਟਰੀ ਮੈਚ 'ਚ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ, ਪਰ ਇਸ ਦੌਰਾਨ ਉਨ੍ਹਾਂ ਨੇ ਭਾਰਤ ਦੇ ਦੋ ਦਿੱਗਜ ਬੱਲੇਬਾਜ਼ਾਂ ਦੇ ਰਿਕਾਰਡ ਤੋੜ ਦਿੱਤੇ।
ਰਾਂਚੀ ਵਿੱਚ ਖੇਡੇ ਗਏ ਮੈਚ ਵਿੱਚ ਸੂਰਿਆਕੁਮਾਰ ਯਾਦਵ ਨੇ 34 ਗੇਂਦਾਂ ਵਿੱਚ 6 ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 47 ਦੌੜਾਂ ਬਣਾਈਆਂ। ਇਸ ਨਾਲ ਸੂਰਿਆ ਨੇ ਐਮਐਸ ਧੋਨੀ ਅਤੇ ਸੁਰੇਸ਼ ਰੈਨਾ ਨੂੰ ਪਿੱਛੇ ਛੱਡ ਦਿੱਤਾ ਅਤੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਪੰਜਵਾਂ ਬੱਲੇਬਾਜ਼ ਬਣ ਗਿਆ। ਸੂਰਿਆਕੁਮਾਰ ਯਾਦਵ ਦੇ ਨਾਂ ਹੁਣ 46 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਤਿੰਨ ਸੈਂਕੜੇ ਅਤੇ 13 ਅਰਧ ਸੈਂਕੜਿਆਂ ਦੀ ਮਦਦ ਨਾਲ 1625 ਦੌੜਾਂ ਹਨ। ਉਸ ਨੇ ਐੱਮਐੱਸ ਧੋਨੀ ਅਤੇ ਸੁਰੇਸ਼ ਰੈਨਾ ਨੂੰ ਪਿੱਛੇ ਛੱਡ ਦਿੱਤਾ ਹੈ।
ਮਹਿੰਦਰ ਸਿੰਘ ਧੋਨੀ ਨੇ 98 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਦੋ ਅਰਧ ਸੈਂਕੜਿਆਂ ਦੀ ਮਦਦ ਨਾਲ 1617 ਦੌੜਾਂ ਬਣਾਈਆਂ ਹਨ। ਦੂਜੇ ਪਾਸੇ ਸੁਰੇਸ਼ ਰੈਨਾ ਨੇ 78 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਇੱਕ ਸੈਂਕੜੇ ਅਤੇ ਪੰਜ ਅਰਧ ਸੈਂਕੜਿਆਂ ਦੀ ਮਦਦ ਨਾਲ 1605 ਦੌੜਾਂ ਬਣਾਈਆਂ ਹਨ। ਸੂਰਿਆ ਨੂੰ ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੂੰ ਪਾਰ ਕਰਨ ਲਈ 40 ਦੌੜਾਂ ਦੀ ਲੋੜ ਸੀ, ਜੋ ਉਸਨੇ ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਟੀ-20 ਵਿੱਚ ਪਾਰ ਕਰ ਲਈ।
ਦੱਸ ਦੇਈਏ ਕਿ ਸੂਰਿਆ ਭਾਰਤ ਵੱਲੋਂ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਟਾਪ-5 ਵਿੱਚ ਸ਼ਾਮਲ ਹੋ ਗਿਆ ਹੈ। ਇਸ ਸੂਚੀ ਵਿਚ ਵਿਰਾਟ ਕੋਹਲੀ ਸਿਖਰ 'ਤੇ ਹੈ, ਜਿਸ ਨੇ 115 ਟੀ-20 ਅੰਤਰਰਾਸ਼ਟਰੀ ਮੈਚਾਂ ਵਿਚ 1 ਸੈਂਕੜੇ ਅਤੇ 37 ਅਰਧ ਸੈਂਕੜੇ ਦੀ ਮਦਦ ਨਾਲ 4008 ਦੌੜਾਂ ਬਣਾਈਆਂ ਹਨ। ਭਾਰਤੀ ਕਪਤਾਨ ਰੋਹਿਤ ਸ਼ਰਮਾ 148 ਟੀ-20 ਅੰਤਰਰਾਸ਼ਟਰੀ ਮੈਚਾਂ 'ਚ ਚਾਰ ਸੈਂਕੜੇ ਅਤੇ 29 ਅਰਧ ਸੈਂਕੜਿਆਂ ਦੀ ਮਦਦ ਨਾਲ 3853 ਦੌੜਾਂ ਬਣਾ ਕੇ ਦੂਜੇ ਸਥਾਨ 'ਤੇ ਕਾਬਜ਼ ਹੈ। ਕੇਐੱਲ ਰਾਹੁਲ 72 ਟੀ-20 ਅੰਤਰਰਾਸ਼ਟਰੀ ਮੈਚਾਂ 'ਚ ਦੋ ਸੈਂਕੜੇ ਅਤੇ 22 ਅਰਧ ਸੈਂਕੜਿਆਂ ਦੀ ਮਦਦ ਨਾਲ 2265 ਦੌੜਾਂ ਬਣਾ ਕੇ ਤੀਜੇ ਸਥਾਨ 'ਤੇ ਹਨ। ਸ਼ਿਖਰ ਧਵਨ ਨੇ 68 ਮੈਚਾਂ 'ਚ 11 ਅਰਧ ਸੈਂਕੜਿਆਂ ਦੀ ਮਦਦ ਨਾਲ 1759 ਦੌੜਾਂ ਬਣਾਈਆਂ ਹਨ।