ਉਸੈਨ ਬੋਲਟ ਇਕ ਝਟਕੇ 'ਚ ਕੰਗਾਲ ਹੋ ਗਿਆ ਹੈ। ਦੁਨੀਆ ਦੇ ਸਭ ਤੋਂ ਤੇਜ਼ ਦੌੜਾਕ ਉਸੈਨ ਬੋਲਟ ਨੂੰ ਬਹੁਤ ਵਡਾ ਝਟਕਾ ਲੱਗਿਆ ਹੈ। ਅਚਾਨਕ ਉਸਦੇ ਬੈਂਕ ਖਾਤੇ ਵਿੱਚੋਂ ਕਿਸੇ ਨੇ 100 ਕਰੋੜ ਰੁਪਏ ਚੋਰੀ ਕਰ ਲਏ ਹਨ। ਰਿਪੋਰਟਾਂ ਮੁਤਾਬਕ ਜਮਾਇਕਾ ਦੇ ਸਟਾਰ ਅਥਲੀਟ ਅਤੇ ਸਾਰੇ ਵੱਡੇ ਟੂਰਨਾਮੈਂਟਾਂ ਦੇ ਸੋਨ ਤਮਗਾ ਜੇਤੂ ਉਸੈਨ ਬੋਲਟ ਨੂੰ 12.7 ਮਿਲੀਅਨ ਡਾਲਰ (100 ਕਰੋੜ ਰੁਪਏ) ਦਾ ਨੁਕਸਾਨ ਹੋਇਆ ਹੈ। ਇਹ ਪੈਸਾ ਜਮਾਇਕਾ ਵਿੱਚ ਇੱਕ ਨਿਵੇਸ਼ ਫਰਮ ਦੇ ਖਾਤੇ ਵਿੱਚ ਸੀ।
ਬੋਲਟ ਹੁਣ ਇਸ ਮਾਮਲੇ ਨੂੰ ਅਦਾਲਤ 'ਚ ਲਿਜਾਣ 'ਤੇ ਵਿਚਾਰ ਕਰ ਰਹੇ ਹਨ। ਅਥਲੀਟ ਦਾ ਕਿੰਗਸਟਨ ਵਿੱਚ ਸਟਾਕਸ ਐਂਡ ਸਕਿਓਰਿਟੀਜ਼ (SSL) ਵਿੱਚ ਖਾਤਾ ਸੀ ਅਤੇ ਹੁਣ ਉਸਦਾ ਬੈਂਕ ਬੈਲੇਂਸ $12,000 ਤੱਕ ਆ ਗਿਆ ਹੈ। ਇਸ ਜਾਣਕਾਰੀ ਦੀ ਪੁਸ਼ਟੀ ਉਨ੍ਹਾਂ ਦੇ ਵਕੀਲ ਲਿੰਟਨ ਗੋਰਡਨ ਨੇ ਕੀਤੀ ਹੈ। ਹੈਰਾਨ ਕਰਨ ਵਾਲੀ ਘਟਨਾ ਬਾਰੇ ਬੋਲਦਿਆਂ, ਬੋਲਟ ਦੇ ਵਕੀਲ, ਲਿੰਟਨ ਗੋਰਡਨ ਨੇ ਕਿਹਾ ਕਿ ਜੇਕਰ ਫਰਮ ਨੇ ਪੈਸੇ ਵਾਪਸ ਕਰਨ ਤੋਂ ਇਨਕਾਰ ਕੀਤਾ ਤਾਂ ਉਹ ਆਪਣੇ ਮੁਵੱਕਿਲ ਨਾਲ ਕਾਨੂੰਨੀ ਕਾਰਵਾਈ ਕਰਨਗੇ।
ਵਕੀਲ ਦੇ ਇਸ ਬਿਆਨ ਤੋਂ ਬਾਅਦ ਹੁਣ ਬੋਲਟ ਨੇ ਇਸ 'ਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ ਅਤੇ ਉਨ੍ਹਾਂ ਨੇ ਦੋ ਟਵੀਟ ਕੀਤੇ ਹਨ। ਓਲੰਪਿਕ ਤਮਗਾ ਜੇਤੂ ਨੇ ਪੂਰੀ ਘਟਨਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਇਕ ਤਸਵੀਰ ਵੀ ਪੋਸਟ ਕੀਤੀ ਹੈ। ਦੂਜੇ ਪਾਸੇ ਜਮਾਇਕਾ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿੱਤੀ ਸੇਵਾ ਕਮਿਸ਼ਨ (FSC) ਨੇ ਕਿਹਾ ਕਿ ਫਰਮ ਦੀ ਜਾਂਚ ਕੀਤੀ ਜਾ ਰਹੀ ਹੈ।
ਬੋਲਟ ਦੇ ਅਟਾਰਨੀ, ਲਿੰਟਨ ਗੋਰਡਨ ਦੇ ਅਨੁਸਾਰ, ਖਾਤੇ ਦਾ ਮਤਲਬ ਬੋਲਟ ਦੀ ਅਤੇ ਉਸਦੇ ਮਾਤਾ-ਪਿਤਾ ਲਈ ਪੈਨਸ਼ਨ ਵਜੋਂ ਕੰਮ ਕਰਨਾ ਸੀ। ਆਪਣੀ ਖੇਡ ਨਾਲ ਦੁਨੀਆ ਨੂੰ ਹੈਰਾਨ ਕਰਨ ਵਾਲੇ ਬੋਲਟ ਨੇ 2017 'ਚ ਸੰਨਿਆਸ ਲੈ ਲਿਆ ਸੀ। ਬੋਲਟ ਜਮਾਇਕਾ ਵਿੱਚ ਬ੍ਰਾਜ਼ੀਲ ਦੇ ਫੁੱਟਬਾਲ ਦੇ ਮਹਾਨ ਖਿਡਾਰੀ ਪੇਲੇ ਅਤੇ ਅਮਰੀਕੀ ਮੁੱਕੇਬਾਜ਼ੀ ਚੈਂਪੀਅਨ ਮੁਹੰਮਦ ਅਲੀ ਵਾਂਗ ਮਸ਼ਹੂਰ ਹੈ। ਇੰਨਾ ਹੀ ਨਹੀਂ ਉਨ੍ਹਾਂ ਦਾ ਨਾਂ ਪੂਰੀ ਦੁਨੀਆ 'ਚ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ। ਜਮਾਇਕਨ ਦੌੜਾਕ ਨੇ 100 ਮੀਟਰ, 200 ਮੀਟਰ ਅਤੇ 4 × 100 ਮੀਟਰ ਰਿਲੇਅ ਵਿੱਚ ਵਿਸ਼ਵ ਰਿਕਾਰਡ ਆਪਣੇ ਨਾਂ ਕੀਤੇ ਹਨ।