Sunday Column - ਵਿਰਸਾ ਅਤੇ ਸੱਭਿਆਚਾਰ, ਪੰਜਾਬ ਦੇ ਘਰਾਂ ਦੀ ਬਣਤਰ

ਪੇਂਡੂ ਤਰਜ਼ ਦੇ ਘਰ ਆਮਤੌਰ ਤੇ ਖੁੱਲ੍ਹੇ ਡੁੱਲ੍ਹੇ ਹੁੰਦੇ ਸਨ। ਉਨ੍ਹਾਂ ਦੀ ਬਣਤਰ ਆਧੁਨਿਕ ਕੋਠੀਆਂ ਤੋਂ ਬਹੁਤ ਵੱਖਰੀ ਹੁੰਦੀ ਸੀ।
Sunday Column - ਵਿਰਸਾ ਅਤੇ ਸੱਭਿਆਚਾਰ, ਪੰਜਾਬ ਦੇ ਘਰਾਂ ਦੀ ਬਣਤਰ
Updated on
4 min read

ਘਰਾਂ ਦਾ ਆਕਾਰ ਅਤੇ ਸਰੂਪ ਅਕਸਰ ਪਰਿਵਾਰ ਦੀ ਆਰਥਿਕ ਸਥਿਤੀ ਅਤੇ ਲੋੜਾਂ ਤੇ ਨਿਰਭਰ ਕਰਦਾ ਹੈ। ਮੱਧਵਰਗੀ ਪਰਿਵਾਰਾਂ ਦੇ ਪੇਂਡੂ ਤਰਜ਼ ਦੇ ਘਰ ਆਮਤੌਰ ਤੇ ਖੁੱਲ੍ਹੇ ਡੁੱਲ੍ਹੇ ਹੁੰਦੇ ਸਨ। ਉਨ੍ਹਾਂ ਦੀ ਬਣਤਰ ਆਧੁਨਿਕ ਕੋਠੀਆਂ ਤੋਂ ਬਹੁਤ ਵੱਖਰੀ ਹੁੰਦੀ ਸੀ।ਪਿੱਛੇ ਵੱਡੇ ਵੱਡੇ ਇਕ ਜਾਂ ਦੋ ਕਮਰੇ ਹੁੰਦੇ ਸਨ ਜਿਨ੍ਹਾਂ ਨੂੰ ਸਬ੍ਹਾਤਾਂ ਕਿਹਾ ਜਾਂਦਾ ਸੀ। ਇਨ੍ਹਾਂ ਕਮਰਿਆਂ ਅੱਗੇ ਖੁੱਲ੍ਹਾ ਵਰਾਂਡਾ, ਵਿਚਕਾਰ ਵਿਹੜਾ ਅਤੇ ਅੱਗੇ ਵੱਡਾ ਦਰਵਾਜ਼ਾ ਬਣਿਆ ਹੁੰਦਾ ਸੀ। ਦਰਵਾਜ਼ੇ ਦੇ ਦੋਨੋਂ ਪਾਸੇ ਖੁੱਲ੍ਹੀਆਂ ਬੈਠਕਾਂ ਹੁੰਦੀਆਂ ਸਨ ਜਿਨ੍ਹਾਂ ਨੂੰ ਆਮ ਤੌਰ ਤੇ ਫ਼ਸਲ ਵਗੈਰਾ ਸਾਂਭਣ ਲਈ ਰੱਖਿਆ ਜਾਂਦਾ ਸੀ। ਜਿਹੜੇ ਪਰਿਵਾਰ ਖੇਤੀ ਦਾ ਧੰਦਾ ਨਹੀਂ ਕਰਦੇ ਸਨ ਉਹ ਮੂਹਰੇ ਵੈਸੇ ਵੀ ਬੈਠਕਾਂ ਪਾ ਲੈਂਦੇ ਸਨ। ਵਿਹੜੇ ਵਿਚ ਇਕ ਪਾਸੇ ਰਸੋਈ ਬਣੀ ਹੁੰਦੀ ਸੀ ਅਤੇ ਦੂਜੇ ਪਾਸੇ ਖੁੱਲ੍ਹੀ ਰਸੋਈ ਵਜੋਂ ਵਰਤਿਆ ਜਾਣ ਵਾਲਾ ਕੰਧੋਲੀ ਦਾਰ ਚੌਂਕਾ ਜਾਂ ਚੌਂਤਰਾ ਹੁੰਦਾ ਸੀ। ਵਿਹੜੇ ਵਿੱਚ ਕੁਝ ਅੱਗੇ ਇੱਕ ਪਾਸੇ ਪਸ਼ੂਆਂ ਲਈ ਖੁਰਲੀਆਂ ਵਗੈਰਾ ਬਣੀਆਂ ਹੁੰਦੀਆਂ ਸਨ ਜਦਕਿ ਦੂਜੇ ਪਾਸੇ ਉਨ੍ਹਾਂ ਲਈ ਕੋਈ ਵਰਾਂਡਾ ਜੱਥ ਛਤੜਾ ਆਦਿ ਪਾਇਆ ਹੁੰਦਾ ਸੀ। ਸਰਦੇ ਪੁਜਦੇ ਲੋਕ ਪਸ਼ੂਆਂ ਲਈ ਵੱਖਰਾ ਵਾਂਗਰ ਜਾ ਵਾੜਾ ਵੀ ਬਣਾ ਲੈਂਦੇ ਸਨ। ਇਸ ਨੂੰ ਬਾਹਰਲਾ ਘਰ ਵੀ ਕਿਹਾ ਜਾਂਦਾ ਹੈ ਤੇ ਇਹ ਆਮ ਤੌਰ ਤੇ ਅੰਦਰਲੇ ਘਰ ਦੇ ਨਜ਼ਦੀਕ ਹੀ ਹੁੰਦਾ ਸੀ।

ਪੁਰਾਣੇ ਘਰਾਂ ਵਿੱਚ ਗੁਸਲਖਾਨਿਆਂ ਅਤੇ ਪਖਾਨਿਆਂ ਦੀ ਵਿਵਸਥਾ ਘੱਟ ਹੀ ਹੁੰਦੀ ਸੀ। ਗ਼ਰੀਬ ਪਰਿਵਾਰਾਂ ਦੇ ਘਰ ਕੱਚੀਆਂ ਇੱਟਾਂ ਦੇ ਬਣੇ ਹੁੰਦੇ ਸਨ ਜਦ ਕਿ ਸਰਦੇ ਪੁੱਜਦੇ ਲੋਕ ਪੱਕੇ ਘਰਾਂ ਵਿੱਚ ਰਹਿੰਦੇ ਸਨ। ਘਰ ਦੀਆਂ ਛੱਤਾਂ ਆਮਤੌਰ ਤੇ ਕੜੀ ਬਾਲੇ ਵਾਲੀਆਂ ਹੁੰਦੀਆਂ ਸਨ ਜਦਕਿ ਦਰਵਾਜ਼ੇ ਦੀ ਛੱਤ ਮਜ਼ਬੂਤ ਲਟੈਣ ਉੱਪਰ ਪਾਈ ਜਾਂਦੀ ਸੀ। ਬਾਅਦ ਵਿਚ ਗਾਡਰਾਂ ਅਤੇ ਡਾਟਾ ਦਾ ਰਿਵਾਜ ਪ੍ਰਚੱਲਿਤ ਹੋਇਆ। ਘਰ ਦੀਆਂ ਕੰਧਾਂ ਵਿੱਚ ਆਲੇ ਰੱਖਣ ਦਾ ਆਮ ਰਿਵਾਜ ਸੀ। ਇਨ੍ਹਾਂ ਆਲਿਆਂ ਵਿੱਚ ਰਾਤ ਸਮੇਂ ਦੀਵੇ ਜਗਾ ਕੇ ਰੱਖੇ ਜਾਂਦੇ ਸਨ। ਦੀਵੇ ਰੱਖਣ ਲਈ ਕੰਧਾਂ ਵਿੱਚ ਇੱਕ ਜਾਂ ਦੋ ਇੱਟਾਂ ਅੱਗੇ ਵਧਾ ਕੇ ਦੀਪਕ ਵੀ ਬਣਾ ਲਏ ਜਾਂਦੇ ਸਨ। ਘਰ ਦਾ ਨਿੱਕ ਸੁੱਕ ਰੱਖਣ ਲਈ ਕੰਧਾਂ ਵਿੱਚ ਅਲਮਾਰੀਆਂ ਅਤੇ ਸਜਾਵਟ ਦਾ ਸਾਮਾਨ ਰੱਖਣ ਲਈ ਕਾਨਸਾਂ ਬਣਾਈਆਂ ਜਾਂਦੀਆਂ ਸਨ।

ਗਰਮੀ ਦੀ ਰੁੱਤ ਵਿੱਚ ਰਜਾਈਆਂ ਗਦੈਲੇ ਅਤੇ ਹੋਰ ਭਾਰੀ ਕੱਪੜੇ ਸੰਭਾਲਣ ਲਈ ਅਤੇ ਵਾਧੂ ਘਾਟੂ ਸਮਾਨ ਰੱਖਣ ਲਈ ਟਾਂਡਾਂ ਜਾਂ ਦਬਕੇ ਬਣਾਏ ਜਾਂਦੇ ਸਨ। ਟਾਂਡਾਂ ਲੱਕੜ ਦੀਆਂ ਬਣੀਆਂ ਹੁੰਦੀਆਂ ਸਨ ਜਦਕਿ ਦਬਕੇ ਪੱਕੇ ਘਰਾਂ ਵਿੱਚ ਬਣਨੇ ਸ਼ੁਰੂ ਹੋਏ। ਘਰ ਦੀਆਂ ਕੱਚੀਆਂ ਕੰਧਾਂ ਮਿੱਟੀ ਨਾਲ ਲਿੱਪੀਆਂ ਹੁੰਦੀਆਂ ਸਨ। ਪੱਕੀਆਂ ਕੰਧਾਂ ਉਪਰ ਸੀਮਿੰਟ ਦੀ ਟੀਪ ਕਰਕੇ ਉੱਪਰ ਕਲੀ ਦੀ ਕੂਚੀ ਫੇਰ ਦਿੱਤੀ ਜਾਂਦੀ ਸੀ ਅਤੇ ਪਲੱਸਤਰ ਦਾ ਤਾਂ ਰਿਵਾਜ਼ ਹੀ ਬਹੁਤ ਘੱਟ ਸੀ। ਛੱਤਾਂ ਆਮਤੌਰ ਤੇ ਕੱਚੀਆਂ ਹੁੰਦੀਆਂ ਸਨ ਤੇ ਇਨ੍ਹਾਂ ਦੁਆਲੇ ਜੰਗਲੇ ਆਦਿ ਨਹੀਂ ਹੁੰਦੇ ਸਨ।

ਆਮ ਘਰਾਂ ਦੇ ਫਰਸ਼ ਕੱਚੇ ਹੁੰਦੇ ਸਨ ਅਤੇ ਔਰਤਾਂ ਉਨ੍ਹਾਂ ਨੂੰ ਲਿੱਪ ਪੋਚ ਕੇ ਸਾਫ਼ ਸੁਥਰਾ ਰੱਖਦੀਆਂ ਸਨ। ਛੱਤਾਂ ਅਤੇ ਪੁਰਸ਼ਾਂ ਨੂੰ ਸਾਫ ਸੁਥਰਾ ਰੱਖਣ ਲਈ ਸੁਆਣੀਆਂ ਇਨ੍ਹਾਂ ਉੱਪਰ ਥੋੜ੍ਹੇ ਥੋੜ੍ਹੇ ਅਰਸੇ ਬਾਅਦ ਗੋਹੇ ਮਿੱਟੀ ਦੀ ਤਲੀ ਫੇਰਦੀਆਂ ਰਹਿੰਦੀਆਂ ਸਨ। ਤਲੀ ਦੀ ਤਹਿ ਆਮ ਲਿਪਾਈ ਨਾਲੋਂ ਬਹੁਤ ਪਤਲੀ ਹੁੰਦੀ ਸੀ ਅਤੇ ਇਹ ਸੁੱਕ ਵੀ ਬਹੁਤ ਜਲਦੀ ਜਾਂਦੀ ਸੀ। ਘਰ ਦੇ ਸਾਰੇ ਦਰਵਾਜ਼ੇ ਫੱਟੀ ਜੋ ਆਮ ਤੌਰ ਤੇ ਕਿੱਕਰ ਦੇ ਹੁੰਦੇ ਸਨ ਜੋੜ ਕੇ ਤਿਆਰ ਕੀਤੇ ਜਾਂਦੇ ਸਨ ਅਤੇ ਉਹ ਚੂਲਾਂ ਉਪਰ ਘੁੰਮਦੇ ਸਨ। ਇਨ੍ਹਾਂ ਨੂੰ ਬਾਹਰੋਂ ਬੰਦ ਕਰਨ ਲਈ ਸੰਗਲੀ ਵਾਲੇ ਕੁੰਡੇ ਲੱਗੇ ਹੁੰਦੇ ਸਨ ਅਤੇ ਅੰਦਰੋਂ ਅਕਸਰ ਅਰਲ ਜਾਂ ਕਾਟੋ ਨਾਲ ਹੀ ਬੰਦ ਕਰ ਲਏ ਜਾਂਦੇ ਸਨ।

ਘਰਾਂ ਵਿੱਚ ਨਲਕੇ ਲੱਗਣ ਤੋਂ ਪਹਿਲਾਂ ਘਰ ਦੀ ਹਰ ਵਰਤੋਂ ਲਈ ਪਾਣੀ ਖੂਹਾਂ ਤੋਂ ਲਿਆਂਦਾ ਜਾਂਦਾ ਸੀ ਜਿਸ ਕਾਰਨ ਪਾਣੀ ਦੀ ਵਰਤੋਂ ਬਹੁਤ ਸੰਕੋਚ ਨਾਲ ਕਰਨੀ ਪੈਂਦੀ ਸੀ। ਕੁਝ ਵੱਡੇ ਘਰ ਅੰਦਰ ਖੂਹੀਆਂ ਵੀ ਬਣੀਆਂ ਹੁੰਦੀਆਂ ਸਨ। ਜਦ ਘਰਾਂ ਵਿੱਚ ਨਲਕੇ ਲੱਗਣ ਲੱਗ ਪਏ ਤਾਂ ਔਰਤਾਂ ਨੂੰ ਆਪਣਾ ਜੀਵਨ ਕਾਫ਼ੀ ਸੁਖਾਲਾ ਜਾਪਣ ਲੱਗਾ। ਘਰਾਂ ਵਿੱਚ ਪੱਕੇ ਗੁਸਲਖ਼ਾਨੇ ਬਣਾਉਣ ਦਾ ਰਿਵਾਜ ਨਲਕਿਆਂ ਦੀ ਆਮਦ ਤੋਂ ਬਾਅਦ ਹੀ ਸ਼ੁਰੂ ਹੋਇਆ ਸੀ।

ਘਰ ਵਿੱਚ ਪਖਾਨੇ ਬਣਾਉਣ ਦਾ ਰਿਵਾਜ ਬਹੁਤ ਬਾਅਦ ਵਿੱਚ ਸ਼ੁਰੂ ਹੋਇਆ। ਪਹਿਲਾਂ ਮਰਦ ਤਾਂ ਖੇਤ ਬੰਨੇ ਕਿਸੇ ਸਮੇਂ ਵੀ ਸ਼ੌਚ ਜਾ ਆਉਂਦੇ ਸਨ ਪਰ ਵਿਚਾਰੀਆਂ ਔਰਤਾਂ ਲਈ ਇਹ ਬਹੁਤ ਵੱਡੀ ਸਮੱਸਿਆ ਹੁੰਦੀ ਸੀ।

ਪੱਕੀਆਂ ਪੌੜੀਆਂ ਬਣਨ ਤੋਂ ਪਹਿਲਾਂ ਛੱਤ ਉਪਰ ਚੜ੍ਹਨ ਲਈ ਬਾਂਸ ਦੀ ਟੰਬਿਆਂ ਵਾਲੀ ਪੌੜੀ ਹੁੰਦੀ ਸੀ ਜਿਸ ਰਾਹੀਂ ਛੱਤ ਦੀ ਵੱਖ ਵੱਖ ਉਦੇਸ਼ਾਂ ਲਈ ਵਰਤੋਂ ਕੀਤੀ ਜਾਂਦੀ ਸੀ। ਪੱਕੀ ਪੌੜੀ ਹੇਠ ਰਸੋਈ ਗੁਸਲਖਾਨੇ ਬੁਲਾਉਣ ਦਾ ਰਿਵਾਜ ਵੀ ਬਹੁਤ ਪ੍ਰਚੱਲਿਤ ਰਿਹਾ। ਹੌਲੀ ਹੌਲੀ ਛੱਤਾਂ ਤੇ ਜਾਲੀਦਾਰ ਜੰਗਲੇ ਬਣਨੇ ਸ਼ੁਰੂ ਹੋ ਗਈ ਜਿਸ ਨਾਲ ਛੱਤਾਂ ਦੀ ਪੈਣ ਸੌਣ ਲਈ ਵਧੇਰੇ ਵਰਤੋਂ ਹੋਣ ਲੱਗ ਪਈ।

ਘਰ ਬਾਰੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜੋ ਸਕੂਨ ਅਤੇ ਆਨੰਦ ਮਨੁੱਖ ਨੂੰ ਆਪਣੇ ਘਰ ਆ ਕੇ ਮਿਲਦਾ ਹੈ ਉਹ ਹੋਰ ਕਿਤੇ ਵੀ ਨਹੀਂ ਮਿਲਦਾ ਤੇ ਘਰ ਦਾ ਪਿਆਰ ਤੇ ਖਿੱਚ ਕੇਵਲ ਮਨੁੱਖਾਂ ਨੂੰ ਹੀ ਨਹੀਂ ਸਗੋਂ ਜੀਵ ਜੰਤੂਆਂ ਨੂੰ ਵੀ ਹੁੰਦੀ ਹੈ ਅਤੇ ਹਰ ਪੰਛੀ ਸ਼ਾਮ ਨੂੰ ਉਸ ਦਿਸ਼ਾ ਵੱਲ ਮੋੜਾ ਪਾਉਂਦਾ ਹੈ ਜਿਧਰ ਉਸ ਦਾ ਰੈਣ ਬਸੇਰਾ ਜਾਂ ਆਲ੍ਹਣਾ ਹੁੰਦਾ ਹੈ। ਇਸ ਕਾਰਨ ਹੀ ਕਿਹਾ ਸੁਣਿਆ ਜਾਂਦਾ ਹੈ ਕਿ ਜੋ ਸੁੱਖ ਛੱਜੂ ਦੇ ਚੁਬਾਰੇ ਉਹ ਬਲਖ ਨਾ ਬੁਖਾਰੇ। ਸੋ ਆਮ ਤੌਰ ਤੇ ਪੰਜਾਬ ਦੇ ਘਰ ਬਹੁਤ ਹੀ ਸਾਦੇ ਹੁੰਦੇ ਸਨ ਪਰ ਫਿਰ ਵੀ ਪੰਜਾਬੀ ਲੋਕ ਇਨ੍ਹਾਂ ਸਾਦੇ ਘਰਾਂ ਵਿਚ ਬਹੁਤ ਆਨੰਦ ਦੀ ਜ਼ਿੰਦਗੀ ਬਤੀਤ ਕਰਦੇ ਸਨ।

Related Stories

No stories found.
logo
Punjab Today
www.punjabtoday.com