ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼

ਸਿੱਖਾਂ ਦਾ ਸਰਬ ਉੱਚ ਧਰਮ ਗ੍ਰੰਥ 'ਸ੍ਰੀ ਗੁਰੂ ਗ੍ਰੰਥ ਸਾਹਿਬ' ਕਹਿਣ ਨੂੰ ਤਾਂ ਭਾਵੇਂ ਸਿੱਖ ਗ੍ਰੰਥ ਹੈ, ਪਰ ਅਸਲ ਵਿਚ ਇਹ ਸਮੁੱਚੀ ਮਾਨਵਤਾ ਦਾ ਸਰਬਸਾਂਝਾ ਗ੍ਰੰਥ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼

ਸਿੱਖ ਧਰਮ ਇੱਕ ਸੰਪੂਰਨ, ਸੁਤੰਤਰ, ਅਤਿ ਆਧੁਨਿਕ, ਸਰਬ-ਸਾਝਾਂ ਅਤੇ ਵਿਲੱਖਣ ਧਰਮ ਹੈ। ਇਸ ਦਾ ਅਪਣਾ ਜੀਵਨ ਫਲਸਫ਼ਾ, ਆਪਣਾ ਧਰਮ ਗ੍ਰੰਥ, ਨਿਰਾਲੀ ਪਹਿਚਾਣ, ਵੱਖਰੇ ਰੀਤੀ-ਰਿਵਾਜ ਅਤੇ ਆਪਣੇ ਪਾਠ-ਪੂਜਾ ਸਥਾਨ ਹਨ, ਜਿਸ ਕਾਰਣ ਅਸੀਂ ਇਸ ਨੂੰ ਇੱਕ ਸੰਪੂਰਨ ਧਰਮ ਮੰਨਦੇ ਹਾਂ। ਇਸ ਧਰਮ ਨੂੰ ਵਿਲੱਖਣ ਇਸ ਲਈ ਮੰਨਿਆਂ ਜਾਂਦਾ ਹੈ ਕਿਉਂਕਿ ਜਿਸ ਪ੍ਰਕਾਰ ਦੇ ਜੀਵਨ ਸੰਕਲਪ ਅਤੇ ਆਦਰਸ਼ ਇਸ ਧਰਮ ਵਿੱਚ ਅਪਣਾਏ ਗਏ ਹਨ, ਉਹ ਬਹੁਤ ਹੀ ਨਿਵੇਕਲੇ, ਵੱਖਰੇ ਅਤੇ ਵਿਵਹਾਰਿਕ ਹਨ।

ਸਰਬਸਾਂਝਾ ਗ੍ਰੰਥ

ਸਿੱਖਾਂ ਦਾ ਸਰਬ ਉੱਚ ਧਰਮ ਗ੍ਰੰਥ 'ਸ੍ਰੀ ਗੁਰੂ ਗ੍ਰੰਥ ਸਾਹਿਬ' ਕਹਿਣ ਨੂੰ ਤਾਂ ਭਾਵੇਂ ਸਿੱਖ ਗ੍ਰੰਥ ਹੈ, ਪਰ ਅਸਲ ਵਿਚ ਇਹ ਸਮੁੱਚੀ ਮਾਨਵਤਾ ਦਾ ਸਰਬਸਾਂਝਾ ਗ੍ਰੰਥ ਹੈ ਅਤੇ ਇਸ ਵਿਚ ਪੇਸ਼ ਕੀਤਾ ਗਿਆ ਜੀਵਨ ਫਲਸਫ਼ਾ ਸਮੁੱਚੀ ਮਾਨਵਤਾ ਦਾ ਮਾਰਗ ਦਰਸ਼ਨ ਕਰਦਾ ਹੈ। ਇਸ ਦਾ ਸੰਦੇਸ਼ ਨਾ ਕਿਸੇ ਕਿੱਤੇ-ਖਿੱਤੇ ਦਾ ਮੁਥਾਜ ਹੈ, ਨਾ ਕਿਸੇ ਜਾਤ-ਪਾਤ ਦੀ ਵਲਗਣ ਨੂੰ ਸਵੀਕਾਰ ਕਰਦਾ ਹੈ, ਨਾ ਕਿਸੇ ਗਰੀਬ-ਅਮੀਰ ਵਿੱਚ ਅੰਤਰ ਕਰਦਾ ਹੈ ਅਤੇ ਨਾ ਹੀ ਕਿਸੇ ਇੱਕ ਦੇਸ਼, ਕੌਮ ਜਾਂ ਫਿਰਕੇ ਦੇ ਹਿਤਾਂ ਦੀ ਗੱਲ ਕਰਦਾ ਹੈ। ਇਹ ਸਰਬੱਤ ਦਾ ਭਲਾ ਮੰਗਦਾ ਹੈ, ਇੱਕ ਹੀ ਪ੍ਰਭੂ-ਪ੍ਰਮਾਤਮਾ ਦਾ ਸਿਮਰਨ ਕਰਨ ਦਾ ਉਪਦੇਸ਼ ਦਿੰਦਾ ਹੈ, ਦਸਾਂ ਨਹੁੰਆਂ ਦੀ ਕਿਰਤ ਕਰਨ ਲਈ ਪ੍ਰੇਰਦਾ ਹੈ, ਵੰਡ ਕੇ ਖਾਣ ਦੀ ਤਾਕੀਦ ਕਰਦਾ ਹੈ ਅਤੇ ਸਾਫ਼-ਸੁਥਰਾ ਜੀਵਨ ਬਤੀਤ ਕਰਨ ਤੇ ਜ਼ੋਰ ਦਿੰਦਾ ਹੈ। ਇਸ ਅਨੁਸਾਰ ਸਮੁੱਚੀ ਸ੍ਰਿਸ਼ਟੀ ਦੀ ਸਿਰਜਣਾ ਇੱਕ ਹੀ ਮਹਾਂ-ਸ਼ਕਤੀ ਦੁਆਰਾ ਕੀਤੀ ਗਈ ਹੈ ਜੋ ਸਰਬ ਵਿਆਪਕ, ਸਰਬ ਸ਼ਕਤੀਵਾਨ ਅਤੇ ਸਰਬ ਗਿਆਨਵਾਨ ਹੈ, ਅਕਾਲ ਅਤੇ ਅਜੂਨੀ ਹੈ, ਅਤੇ ਜਿਸਦਾ ਭੇਤ ਪਾਉਣਾ ਕਿਸੇ ਵੀ ਜੀਵ ਦੀ ਸਮਰੱਥਾ ਤੋਂ ਬਾਹਰ ਹੈ। ਉਹ ਸਾਡਾ ਸਭ ਦਾ ਪਿਤਾ ਹੈ, ਅਸੀਂ ਸਾਰੇ ਉਸਦੇ ਬੱਚੇ ਹਾਂ ਅਤੇ ਸਾਰਾ ਸੰਸਾਰ ਸਾਡਾ ਘਰ-ਪਰਿਵਾਰ ਹੈ। ਇਸ ਲਈ ਸਾਨੂੰ ਸਭ ਨੂੰ ਇੱਕ ਦੂਜੇ ਨਾਲ ਪਿਆਰ ਕਰਨਾ ਚਾਹੀਦਾ ਹੈ ਅਤੇ ਮਿਲਜੁਲ ਕੇ ਰਹਿਣਾ ਚਾਹੀਦਾ ਹੈ।

ਆਕਾਰ, ਵਿਸਥਾਰ ਅਤੇ ਵੇਰਵਾ

ਆਕਾਰ, ਵਿਸਥਾਰ ਅਤੇ ਵੇਰਵੇ ਪੱਖੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਇਕ ਵਿਸਤ੍ਰਿਤ ਅਤੇ ਵਿਸ਼ਾਲ ਗ੍ਰੰਥ ਹੈ। ਇਸ ਦੇ ਵਰਤਮਾਨ ਸਰੂਪ ਦੇ ਕੁੱਲ 1430 ਅੰਗ ਹਨ। ਇਸ ਵਿਚ ਸਭ ਤੋਂ ਪਹਿਲੀ ਬਾਣੀ ਗੁਰੂ ਨਾਨਕ ਸਾਹਿਬ ਦੁਆਰਾ ਰਚਿਤ 'ਜਪੁ ਜੀ ਸਾਹਿਬ' ਅਤੇ ਆਖਰੀ ਬਾਣੀ 'ਰਾਗ ਮਾਲਾ' ਹੈ। ਇਸ ਦਾ ਆਰੰਭ 'ਮੂਲ ਮੰਤਰ' ਨਾਲ ਹੁੰਦਾ ਹੈ ਅਤੇ ਇਸ ਦੀ ਅੰਤਲੀ ਤੁਕ 'ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ' ਹੈ। ਇਸ ਵਿਚ ਸਭ ਤੋਂ ਵੱਧ ਬਾਣੀ ਗੁਰੂ ਅਰਜਨ ਦੇਵ ਜੀ ਦੀ ਅਤੇ ਭਗਤਾਂ ਵਿਚੋਂ ਸਭ ਤੋਂ ਵੱਧ ਬਾਣੀ ਭਗਤ ਕਬੀਰ ਜੀ ਦੀ ਹੈ। ਗੁਰੂ ਸਾਹਿਬਾਨਾਂ ਵਿਚੋਂ ਸਭ ਤੋਂ ਵੱਧ ਰਾਗਾਂ (30 ਰਾਗਾਂ), ਵਿਚ ਬਾਣੀ ਗੁਰੂ ਰਾਮਦਾਸ ਜੀ ਅਤੇ ਗੁਰੂ ਅਮਰਦਾਸ ਜੀ ਦੀ ਹੈ। ਬਾਕੀ ਸਮੂਹ ਭਗਤਾਂ ਅਤੇ ਦੂਸਰੇ ਮਹਾਂਪੁਰਸ਼ਾਂ ਵਿਚੋਂ ਸਭ ਤੋਂ ਵੱਧ ਰਾਗਾਂ, (17 ਰਾਗਾਂ), ਵਿਚ ਬਾਣੀ ਭਗਤ ਕਬੀਰ ਜੀ ਨੇ ਉਚਾਰੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਗੁਰੂ ਅਰਜਨ ਦੇਵ ਜੀ ਦੁਆਰਾ ਕੀਤਾ ਗਿਆ ਅਤੇ ਇਸ ਦੇ ਲਿਖਾਰੀ ਭਾਈ ਗੁਰਦਾਸ ਜੀ ਸਨ। ਇਸ ਦਾ ਹਰਿਮੰਦਰ ਸਾਹਿਬ ਵਿਚ ਪਹਿਲਾ ਪ੍ਰਕਾਸ਼ 16 ਅਗਸਤ ਸੰਨ 1604 ਨੂੰ ਹੋਇਆ। ਦਮਦਮੀ ਬੀੜ ਦਾ ਸੰਪਾਦਨ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਮਦਮਾ ਸਾਹਿਬ ਵਿਖੇ ਕਰਵਾਇਆ ਗਿਆ ਸੀ ਅਤੇ ਇਸ ਦੇ ਲਿਖਾਰੀ ਭਾਈ ਮਨੀ ਸਿੰਘ ਜੀ ਸਨ। ਇਸ ਨੂੰ ਗੁਰੂ ਦਾ ਰੁਤਬਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ 4 ਅਕਤੂਬਰ ਸੰਨ 1708 ਨੂੰ ਸ੍ਰੀ ਹਜ਼ੂਰ ਸਾਹਿਬ, ਨਾਂਦੇੜ (ਮਹਾਰਾਸ਼ਟਰ) ਵਿਖੇ ਦਿੱਤਾ ਗਿਆ। ਕੁੱਲ ਸ਼ਬਦ, ਸਲੋਕ, ਛੰਦ ਅਤੇ ਸਵੱਈਏ ਮਿਲਾਕੇ 5872 ਬਣਦੇ ਹਨ।

ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਸ਼ਾ-ਵਸਤੂ ਵੱਲ ਝਾਤ ਮਾਰੀ ਜਾਵੇ ਤਾਂ ਵੀ ਸਾਨੂੰ ਇਸ ਵਿੱਚ ਕਈ ਵਿਲੱਖਣਤਾਵਾਂ ਨਜ਼ਰ ਆਉਣਗੀਆਂ। ਵਿਸ਼ਵ ਦੇ ਪ੍ਰਮੁੱਖ ਧਰਮ ਗ੍ਰੰਥਾਂ ਵਿੱਚੋਂ ਕੇਵਲ ਇਹ ਹੀ ਇੱਕ ਅਜਿਹਾ ਗ੍ਰੰਥ ਹੈ ਜਿਸਦੀ ਨਾ ਕੇਵਲ ਰਚਨਾ ਹੀ ਗੁਰੂ ਸਾਹਿਬਾਨ ਦੇ ਜੀਵਨ ਕਾਲ ਦੌਰਾਨ ਹੋਈ ਸਗੋਂ ਜਿਸਨੂੰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਨਿਗਰਾਨੀ ਵਿੱਚ ਤਿਆਰ ਕਰਵਾਇਆ। ਇਸ ਤਰ੍ਹਾਂ ਇਸ ਵਿੱਚ ਕੁਝ ਵੀ ਅਜਿਹਾ ਸ਼ਾਮਿਲ ਕੀਤੇ ਜਾਣ ਦੀ ਗੁੰਜ਼ਾਇਸ ਖ਼ਤਮ ਹੋ ਗਈ ਜੋ ਗੁਰੂ ਸਾਹਿਬਾਨ ਨੂੰ ਪ੍ਰਵਾਨ ਨਾ ਹੋਵੇ ਅਤੇ ਜਿਸ ਨੂੰ ਸ਼ਰਧਾਲੂਆਂ ਨੇ ਕੇਵਲ ਸ਼ਰਧਾ ਵੱਸ ਸ਼ਾਮਿਲ ਕਰ ਲਿਆ ਹੋਵੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਦੂਜੀ ਵਿਲੱਖਣ ਗੱਲ ਇਹ ਹੈ ਕਿ ਦੁਨੀਆਂ ਭਰ ਵਿੱਚ ਕੇਵਲ ਇਹ ਹੀ ਇੱਕ ਅਜਿਹਾ ਗ੍ਰੰਥ ਹੈ ਜਿਸ ਵਿੱਚ ਸਿੱਖ ਗੁਰੂਆਂ ਤੋਂ ਇਲਾਵਾ ਦੂਸਰੇ ਧਰਮਾਂ ਨੂੰ ਮੰਨਣ ਵਾਲੇ ਮਹਾਂ-ਪੁਰਖਾਂ ਦੀ ਬਾਣੀ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਇਸ ਗ੍ਰੰਥ ਵਿੱਚ ਜਿੰਨ੍ਹਾਂ ਮਹਾਂ-ਪੁਰਸ਼ਾਂ ਦੀ ਬਾਣੀ ਸ਼ਾਮਿਲ ਹੈ ਉਨ੍ਹਾਂ ਵਿੱਚ ਛੇ ਗੁਰੂ ਸਾਹਿਬਾਨ (ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ), ਪੰਦਰਾਂ ਹਿੰਦੂ-ਮੁਸਲਮਾਨ ਸੰਤ ਫ਼ਕੀਰ (1. ਸ਼ੇਖ਼ ਫ਼ਰੀਦ ਜੀ, 2. ਜੈਦੇਵ ਜੀ, 3. ਤ੍ਰਿਲੋਚਨ ਜੀ, 4. ਨਾਮਦੇਵ ਜੀ, 5. ਸਧਨਾ ਜੀ, 6. ਬੇਣੀ ਜੀ, 7. ਰਾਮਾ ਨੰਦ ਜੀ, 8. ਕਬੀਰ ਜੀ, 9. ਰਵਿਦਾਸ ਜੀ, 10. ਭਗਤ ਪੀਪਾ ਜੀ 11. ਸੈਣ ਜੀ, 12. ਧੰਨਾ ਜੀ, 13. ਭੀਖਨ ਜੀ, 14. ਪਰਮਾਨੰਦ ਜੀ, 15. ਸੂਰ ਦਾਸ ਜੀ), ਚਾਰ ਗੁਰੂ ਘਰ ਦੇ ਸ਼ਰਧਾਵਾਨ ਸਿੱਖ (1. ਭਾਈ ਮਰਦਾਨਾ ਜੀ, 2. ਬਾਬਾ ਸੁੰਦਰ ਜੀ, 3. ਰਾਇ ਬਲਵੰਡ ਜੀ, 4. ਭਾਈ ਸੱਤਾ ਜੀ) ਅਤੇ ਗਿਆਰਾਂ ਬ੍ਰਾਹਮਣ ਵਿਦਵਾਨ, ਜਿੰਨ੍ਹਾਂ ਨੂੰ ਭੱਟ ਕਿਹਾ ਜਾਂਦਾ ਸੀ (1. ਭੱਟ ਕਲਸ ਹਾਰ ਜੀ, 2. ਭੱਟ ਗਯੰਦ ਜੀ, 3. ਭੱਟ ਭਿੱਖਾ ਜੀ, 4. ਭੱਟ ਕੀਰਤ ਜੀ, 5. ਭੱਟ ਮਥੁਰਾ ਜੀ, 6. ਭੱਟ ਜਾਲਪ ਜੀ, 7. ਭੱਟ ਸਲ੍ਹ ਜੀ, 8. ਭੱਟ ਭਲ੍ਹ ਜੀ, 9. ਭੱਟ ਬਲ੍ਹ ਜੀ, 10. ਭੱਟ ਹਰਿਬੰਸ ਜੀ, 11. ਭੱਟ ਨਲ੍ਹ ਜੀ), ਸ਼ਾਮਿਲ ਹਨ।

ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਿਤ ਗ੍ਰੰਥ 'ਸ੍ਰੀ ਆਦਿ ਗ੍ਰੰਥ' ਵਜੋਂ ਜਾਣਿਆਂ ਜਾਂਦਾ ਹੈ ਅਤੇ ਇਸ ਵਿਚ ਕੇਵਲ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਬਾਣੀ ਦਰਜ ਸੀ। ਪਹਿਲੇ-ਪਹਿਲ ਇਸ ਨੂੰ 'ਪੋਥੀ ਸਾਹਿਬ' ਵੀ ਕਿਹਾ ਜਾਂਦਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਭਾਈ ਮਨੀ ਸਿੰਘ ਜੀ ਤੋਂ ਲਿਖਵਾਏ ਗ੍ਰੰਥ ਨੂੰ 'ਸ੍ਰੀ ਗੁਰੂ ਗ੍ਰੰਥ ਸਾਹਿਬ' ਵਜੋਂ ਜਾਣਿਆ ਜਾਂਦਾ ਹੈ। ਇਸ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸ਼ਾਮਿਲ ਹੋਣ ਨਾਲ ਬਾਣੀ-ਰਚੇਤਾ ਗੁਰੂ ਸਾਹਿਬਾਨਾਂ ਦੀ ਕੁਲ ਗਿਣਤੀ 6 ਹੋ ਗਈ। ਅੱਜਕੱਲ੍ਹ  ਦੇਸ਼-ਵਿਦੇਸ਼ ਦੇ ਸਾਰੇ ਗੁਰਦੁਆਰਾ ਸਾਹਿਬਾਨਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੀ ਪ੍ਰਕਾਸ਼ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰਿਆਈ ਵੀ ਇਸੇ ਗ੍ਰੰਥ ਨੂੰ ਦਿੱਤੀ ਸੀ ਅਤੇ ਇਸ ਸਮੇਂ ਤੋਂ ਹੀ ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਹਾ ਜਾਂਦਾ ਹੈ।

ਇਸ ਗ੍ਰੰਥ ਦੀ ਤੀਸਰੀ ਵਿਲੱਖਣਤਾ ਇਹ ਹੈ ਕਿ ਇਸ ਵਿਚ ਸ਼ਾਮਿਲ ਵਧੇਰੇ ਬਾਣੀ ਰਾਗਾਂ ਵਿਚ ਹੈ ਅਤੇ ਇਸ ਨੂੰ ਪੜ੍ਹਨ ਦੇ ਨਾਲ-ਨਾਲ ਗਾਇਆ ਵੀ ਜਾ ਸਕਦਾ ਹੈ। ਵਰਤੇ ਗਏ ਕੁੱਲ ਰਾਗਾਂ ਦੀ ਗਿਣਤੀ 31 ਹੈ ਅਤੇ ਇਨ੍ਹਾਂ ਰਾਗਾਂ ਦੇ ਸੁਮੇਲ ਨਾਲ ਕੁਝ ਨਵੇਂ ਰਾਗ ਵੀ ਸਿਰਜੇ ਗਏ ਹਨ। ਰਾਗਾਂ ਦੇ ਨਾਲ-ਨਾਲ 17 ਘਰ ਵੀ ਦਿੱਤੇ ਗਏ ਹਨ ਜੋ ਤਬਲੇ ਅਤੇ ਪਖਾਵਜ਼ ਆਦਿ ਨਾਲ ਸਬੰਧਿਤ ਵੱਖ-ਵੱਖ ਤਾਲਾਂ ਦੇ ਸੂਚਕ ਹਨ। ਹਰ ਬਾਣੀ ਦੇ ਉੱਪਰ ਇਸ ਦੇ ਰਚੇਤਾ ਦਾ ਨਾਮ ਇਸ ਦੀ ਵੰਨਗੀ, ਰਾਗ ਦਾ ਵੇਰਵਾ ਅਤੇ ਇਸ ਨਾਲ ਵਰਤੇ ਜਾਣ ਵਾਲੇ ਘਰ ਅਥਵਾ ਤਾਲ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ।

ਗੁਰੂ ਦਾ ਦਰਜਾ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਚੌਥੀ ਤੇ ਪ੍ਰਮੁੱਖ ਵਿਲੱਖਣਤਾ ਇਹ ਹੈ ਕਿ ਵਿਸ਼ਵ ਭਰ ਦਾ ਕੇਵਲ ਇਹ ਹੀ ਇੱਕ ਅਜਿਹਾ ਗ੍ਰੰਥ ਹੈ ਜਿਸਨੂੰ ਉਪਚਾਰਕ ਤੌਰ 'ਤੇ ਗੁਰੂ ਦਾ ਦਰਜਾ ਦਿੱਤਾ ਗਿਆ ਹੈ ਅਤੇ ਸਮੂਹ ਸਰਧਾਲੂਆਂ ਨੂੰ ਹਰ ਮਸਲੇ ਵਿੱਚ ਇਸ ਤੋਂ ਸੇਧ ਅਤੇ ਅਗਵਾਈ ਪ੍ਰਾਪਤ ਕਰਨ ਦੀ ਹਦਾਇਤ ਕੀਤੀ ਗਈ ਹੈ। ਅਸਲ ਵਿਚ 'ਗੁਰੂ' ਅਤੇ 'ਬਾਣੀ' ਨੂੰ ਅਭੇਦ ਐਲਾਨਣ ਅਤੇ ਬਾਣੀ ਨੂੰ ਹੀ ਗੁਰੂ ਦਾ ਦਰਜਾ ਦੇਣ ਦਾ ਆਦੇਸ਼ ਤਾਂ ਗੁਰੂ ਰਾਮ ਦਾਸ ਜੀ ਨੇ ਪਹਿਲਾਂ ਹੀ ਆਪਣੇ ਬਚਨ 'ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ। ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੁ ਨਿਸਤਾਰੇ॥' ਰਾਹੀਂ ਦੇ ਦਿੱਤਾ ਸੀ। ਸਿੱਖ ਧਰਮ ਵਿਚ ਨਾ ਤਾਂ ਕਿਸੇ ਦੇਹਧਾਰੀ ਗੁਰੂ ਲਈ ਕੋਈ ਸਥਾਨ ਹੈ ਅਤੇ ਨਾ ਹੀ ਕਿਸੇ ਮੂਰਤੀ ਪੂਜਾ ਦੀ ਆਗਿਆ ਹੈ। ਇਸ ਅਨੁਸਾਰ 'ਸਬ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ' ਅਤੇ 'ਜੋ ਪ੍ਰਭ ਕੋ ਮਿਲਬੋ ਚਹੇ ਖੋਜ ਸ਼ਬਦ ਮੇਂ ਲੇ' ਦੀ ਤਾਕੀਦ ਕੀਤੀ ਗਈ ਹੈ।

'ਇਕ ਰੱਬ' ਵਿਚ ਵਿਸ਼ਵਾਸ

ਸਿੱਖ ਧਰਮ ਦੀ ਇਕ ਵਿਸ਼ੇਸ਼ਤਾ ਇਹ ਵੀ ਹੈ ਕਿ ਸਿੱਖ ਗੁਰੂ ਸਾਹਿਬਾਨਾਂ ਨੇ ਆਪਣੇ-ਆਪ ਨੂੰ ਕਿਤੇ ਵੀ ਨਾ ਤਾਂ ਖ਼ੁਦ ਪ੍ਰਮਾਤਮਾ ਅਤੇ ਨਾ ਹੀ ਪ੍ਰਮਾਤਮਾ ਦਾ ਪੁੱਤਰ ਜਾਂ ਵਿਸ਼ੇਸ਼ ਪ੍ਰਤੀਨਿਧੀ ਹੋਣ ਦਾ ਦਾਅਵਾ ਕੀਤਾ। ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਆਪਣੀ ਅਮਰ ਰਚਨਾ 'ਬਚਿੱਤਰ ਨਾਟਕ' ਵਿੱਚ ਸਪਸ਼ਟ ਕਿਹਾ ਹੈ:

ਜੋ ਮੁਝਕੋ ਪਰਮੇਸਰ ਉਚਰ ਹੈ, ਤੇ ਸਭਿ ਨਰਕ ਕੁੰਡ ਮਹਿ ਪਰਹੈ।

ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਯੋ ਜਗਤ ਤਮਾਸ਼ਾ।

ਕਿਸੇ ਵੀ ਗੁਰੂ ਸਾਹਿਬ ਨੇ ਕਿਤੇ ਵੀ ਇਹ ਨਹੀਂ ਕਿਹਾ ਕਿ ਉਹਨਾਂ ਦੀ ਪੂਜਾ ਕਰਕੇ ਜਾ ਉਹਨਾਂ ਦੇ ਲੜ ਲੱਗ ਕੇ ਮਨੁੱਖ ਮਾਤਰ ਦੀ ਮੁਕਤੀ ਹੋ ਜਾਵੇਗੀ, ਉਹ ਇਸ ਭਵ-ਸਾਗਰ ਤੋਂ ਪਾਰ ਹੋ ਜਾਵੇਗਾ ਜਾਂ ਉਸ ਦੀ ਹਰ ਚਾਹਤ ਪੂਰੀ ਹੋ ਜਾਵੇਗੀ। ਉਹਨਾਂ ਦੇ ਉਪਦੇਸ਼ ਦਾ ਸਾਰ ਤਾਂ ਦਿਆਨਤਦਾਰੀ ਨਾਲ ਕਿਰਤ ਕਰਨਾ, ਸਰਬ ਸ਼ਕਤੀਵਾਨ ਪ੍ਰਭੂ-ਪ੍ਰਮੇਸ਼ਰ ਤੋਂ ਇਲਾਵਾ ਹੋਰ ਕਿਸੇ ਦੇ ਵੀ ਲੜ ਨਾ ਲੱਗਣਾ ਅਤੇ ਸੱਚਾ-ਸੁੱਚਾ ਜੀਵਨ ਬਤੀਤ ਕਰਨਾ ਹੈ। ਇਸ ਕਾਰਣ ਉਹਨਾਂ ਦੀ ਸਮੁੱਚੀ ਬਾਣੀ ਵਿਚੋਂ 'ਮੈਂ' ਸ਼ਬਦ ਬਿਲਕੁਲ ਅਲੋਪ ਹੈ ਅਤੇ ਇਸਦੀ ਥਾਂ 'ਤੂੰ' (ਪਰਮਾਤਮਾ) ਨੇ ਲਈ ਹੋਈ ਹੈ। ਅਸਲ ਵਿਚ ਸਿੱਖ ਧਰਮ ਤਾਂ ਅਧਾਰਿਤ ਹੀ ਇਸ ਸੋਚ ਉੱਪਰ ਹੈ ਕਿ 'ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਹਹੁ ਹਮ ਨਾਹੀ॥ ਅਬ ਹਮ ਤੁਮ ਏਕ ਭਏ ਹਹਿ ਏਕੈ ਦੇਖਤ ਮਨੁ ਪਤੀਆਹੀ॥'

ਸਮੁੱਚਾ ਜੀਵਨ ਫਲਸਫ਼ਾ

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਭ ਤੋਂ ਅਹਿਮ ਪਹਿਲੂ ਇਹ ਹੈ ਕਿ ਇਹ ਸਮੁੱਚਾ ਜੀਵਨ ਫਲਸਫ਼ਾ ਪੇਸ਼ ਕਰਦਾ ਹੈ ਅਤੇ ਇਹ ਫਲਸਫ਼ਾ ਸਮੇਂ ਅਤੇ ਸਥਾਨ ਦੀਆਂ ਸੀਮਾਵਾਂ ਤੋਂ ਪੂਰੀ ਤਰ੍ਹਾਂ ਮੁਕਤ ਹੈ। ਜ਼ਿਕਰਯੋਗ ਹੈ ਕਿ ਇਹ ਧਰਮ ਕੇਵਲ ਮੰਦਰ-ਮਸਜਿਦ, ਪਾਠ-ਪੂਜਾ, ਤੀਰਥ-ਵਰਤ, ਪੁੰਨ-ਦਾਨ ਜਾਂ ਭਜਨ-ਬੰਦਗੀ ਤਕ ਹੀ ਆਪਣੇ ਆਪ ਨੂੰ ਸੀਮਿਤ ਨਹੀਂ ਕਰਦਾ ਬਲਕਿ ਜੀਵਨ ਨੂੰ ਸਮੁੱਚੇ ਪਰਿਪੇਖ ਵਿੱਚ ਦੇਖਦਾ ਹੋਇਆ, ਇਸਦੇ ਵੱਖ-ਵੱਖ ਪਹਿਲੂਆਂ ਨੂੰ ਇਕ ਹੀ ਇਕਾਈ ਵਜੋਂ ਪ੍ਰਵਾਨ ਕਰਦਾ ਹੈ। ਇਸ ਤਰ੍ਹਾਂ ਇਹ ਆਪਣੇ ਆਪ ਨੂੰ ਮਨੁੱਖ ਦੇ ਕੇਵਲ ਰੂਹਾਨੀ ਜੀਵਨ ਤੱਕ ਹੀ ਸੀਮਿਤ ਨਹੀਂ ਕਰਦਾ ਸਗੋਂ ਉਸਦੇ ਸਮਾਜਿਕ, ਆਰਥਿਕ, ਰਾਜਨੀਤਿਕ, ਸਦਾਚਾਰਿਕ ਅਤੇ ਸਰੀਰਿਕ ਪਹਿਲੂਆਂ ਨੂੰ ਵੀ ਆਪਣੇ ਕਲਾਵੇ ਵਿਚ ਲੈਂਦਾ ਹੈ।

ਲੋਕ ਬੋਲੀ, ਲਿਪੀ ਅਤੇ ਮੁਹਾਵਰੇ ਦੀ ਵਰਤੋਂ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਤੀਆਂ ਗਈਆਂ ਤਸ਼ਬੀਹਾਂ, ਉਪਯੋਗ ਕੀਤੇ ਗਏ ਬਿੰਬ, ਅਲੰਕਾਰ ਅਤੇ ਉਦਾਹਰਣਾਂ ਤੇ ਦ੍ਰਿਸ਼ਟਾਂਤ ਆਮ ਜਨ-ਜੀਵਨ ਵਿਚੋਂ ਲਏ ਗਏ ਹਨ। ਇਸ ਵਿਚ ਸਾਡੇ ਪੁਰਾਤਨ ਇਤਿਹਾਸ, ਮਿਥਿਹਾਸ ਅਤੇ ਧਰਮ-ਗ੍ਰੰਥਾਂ ਵਿਚੋਂ ਅਨੇਕਾਂ ਅਜਿਹੇ ਹਵਾਲੇ ਦਿੱਤੇ ਗਏ ਹਨ ਜੋ ਸਾਡੇ ਲੋਕਾਂ ਦੇ ਜ਼ੁਬਾਨ 'ਤੇ ਸਨ ਅਤੇ ਜਿਸ ਕਾਰਣ ਇਸ ਵਿਚ ਕਹੀ ਗੱਲ ਨੂੰ ਸਮਝਣਾ ਹੋਰ ਵੀ ਸੁਖਾਲਾ ਹੋ ਜਾਂਦਾ ਹੈ। ਵੱਡੀ ਗੱਲ ਇਹ ਹੈ ਕਿ ਇਸ ਵਿਚ ਵਰਤੀ ਗਈ ਭਾਸ਼ਾ ਮੁੱਖ ਤੌਰ 'ਤੇ ਪੰਜਾਬੀ ਹੈ ਜੋ ਆਮ ਜਨ-ਜੀਵਨ ਵਿਚ ਵਰਤੀ ਜਾਣ ਵਾਲੀ ਭਾਸ਼ਾ ਹੈ ਅਤੇ ਇਸ ਭਾਸ਼ਾ ਲਈ ਵਰਤੀ ਗਈ ਲਿਪੀ 'ਗੁਰਮੁਖੀ' ਆਮ ਲੋਕਾਂ ਦੁਆਰਾ ਵਰਤੀ ਜਾਣ ਵਾਲੀ ਲਿਪੀ ਹੈ। ਨਿਰਸੰਦੇਹ, ਇਸ ਵਿਚ ਸੰਸਕ੍ਰਿਤ ਅਤੇ ਅਰਬੀ ਭਾਸ਼ਾ ਦੇ ਸ਼ਬਦਾਂ ਦੀ ਵੀ ਕਾਫ਼ੀ ਵਰਤੋਂ ਕੀਤੀ ਗਈ ਹੈ ਪ੍ਰੰਤੂ ਸੁਹਿਰਦ ਵਿਆਖਿਆਕਾਰਾਂ ਅਤੇ ਕਥਾਕਾਰਾਂ ਦੇ ਸਹਿਯੋਗ ਸਦਕਾ ਸਮੁੱਚੀ ਬਾਣੀ ਨੂੰ ਸਹਿਜੇ ਹੀ ਸਮਝਿਆ ਜਾ ਸਕਦਾ ਹੈ।

ਅੰਤ ਵਿਚ ਕਿਹਾ ਜਾ ਸਕਦਾ ਹੈ ਕਿ ਇਹ ਗ੍ਰੰਥ ਕਿਸੇ ਇੱਕ ਪੀਰ-ਪੈਗੰਬਰ ਦੇ ਇਲਹਾਮ ਦਾ ਇਜ਼ਹਾਰ ਨਾ ਕਰਦਾ ਹੋਇਆ, ਸਿਰਜਣਹਾਰ ਅਤੇ ਉਸ ਦੀ ਸਮੁੱਚੀ ਕਾਇਨਾਤ ਪ੍ਰਤੀ ਸਮੂਹਿਕ ਅਤੇ ਬਹੁਵਾਦੀ ਪਹੁੰਚ ਦਾ ਪ੍ਰਤੀਕ ਬਣਦਾ ਹੈ।  ਵੱਡੀ ਗੱਲ ਇਹ ਹੈ ਕਿ ਇਸ ਗ੍ਰੰਥ ਵਿਚ ਦਿੱਤੇ ਗਏ ਵਿਚਾਰਾਂ ਨੂੰ ਨਾ ਕੇਵਲ ਸਹਿਜੇ ਹੀ ਸਮਝਿਆ ਜਾ ਸਕਦਾ ਹੈ ਸਗੋਂ ਉਨ੍ਹਾਂ ਨੂੰ ਹਰ ਵਿਅਕਤੀ ਆਪਣੇ ਜੀਵਨ ਵਿਚ ਵੀ ਲਾਗੂ ਕਰ ਸਕਦਾ ਹੈ। ਇਸ ਵਿਚ ਦਰਸਾਈ ਗਈ ਜੀਵਨ-ਜਾਚ ਬਿਲਕੁਲ ਵਿਵਹਾਰਕ ਹੈ ਅਤੇ ਇਸ ਨੂੰ ਅਪਣਾ ਕੇ ਕੋਈ ਵੀ ਵਿਅਕਤੀ ਸੁਖਦ, ਸਾਫ਼-ਸੁਥਰਾ, ਅਨੰਦ-ਭਰਪੂਰ ਅਤੇ ਵਧੀਆ ਜੀਵਨ ਬਤੀਤ ਕਰ ਸਕਦਾ ਹੈ।

Related Stories

No stories found.
logo
Punjab Today
www.punjabtoday.com