ਕਨੇਡਾ ਦੇ ਮਾਂਟਰੀਅਲ ਸ਼ਹਿਰ ਦੇ ਤਿੰਨ ਪ੍ਰਾਈਵੇਟ ਕਾਲਜ ਅਚਾਨਕ ਬੰਦ ਹੋਣ ਕਾਰਨ ਲਗਭਗ 2,000 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਝਟਕਾ ਲੱਗਾ ਹੈ। ਇਹਨਾਂ ਵਿਚੋਂ ਜ਼ਿਆਦਾਤਰ ਵਿਦਿਆਰਥੀ ਪੰਜਾਬ ਦੇ ਹਨ। ਇਹਨਾਂ ਵਿਚੋਂ ਕੁਝ ਆਨਲਾਈਨ ਕਲਾਸਾਂ ਲੈ ਰਹੇ ਹਨ ਅਤੇ ਕੁਝ ਸਟੱਡੀ ਵੀਜ਼ਿਆਂ 'ਤੇ ਹਨ।
ਕਨੇਡਾ ਦੇ ਇੱਕ ਨਿਊਜ਼ ਚੈਨਲ ਅਨੁਸਾਰ, ਸੀਸੀਐਸਕਿਊ, ਸੀਡੀਈ ਅਤੇ ਐਮ ਕਾਲਜ, ਤਿੰਨਾਂ ਕਾਲਜਾਂ ਨੇ ਕਰੈਡੀਟਰ ਪ੍ਰੋਟੈਕਸ਼ਨ (ਕਰਜ਼ਦਾਰ ਸੁਰੱਖਿਆ) ਫਾਈਲ ਕੀਤੀ ਹੈ। ਇਨ੍ਹਾਂ ਕਾਲਜਾਂ ਨੇ ਆਪਣੀਆਂ ਵਿੱਤੀ ਸਮੱਸਿਆਵਾਂ ਲਈ ਕੋਰੋਨਾ ਮਹਾਂਮਾਰੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਇੱਕ ਕੈਨੇਡੀਅਨ ਸਾਂਸਦ ਦਾ ਕਹਿਣਾ ਹੈ ਕਿ ਇਹਨਾਂ ਕਾਲਜਾਂ ਦੁਆਰਾ ਹੋਰ ਕਾਨੂੰਨੀ ਮਾਪਦੰਡ ਵੀ ਪੂਰੇ ਨਹੀਂ ਕੀਤੇ ਗਏ ਸਨ।
ਤਿੰਨਾਂ ਕਾਲਜਾਂ ਨੇ ਪਹਿਲਾਂ 30 ਨਵੰਬਰ, 2021 ਤੋਂ 10 ਜਨਵਰੀ, 2022 ਤੱਕ ਸਰਦੀਆਂ ਦੀਆਂ ਲੰਬੀਆਂ ਛੁੱਟੀਆਂ ਦਾ ਐਲਾਨ ਕੀਤਾ। ਫਿਰ, ਬੰਦ ਹੋਣ ਤੋਂ ਠੀਕ ਪਹਿਲਾਂ, ਕਾਲਜਾਂ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਬਕਾਇਆ ਫੀਸਾਂ ਜਮ੍ਹਾਂ ਕਰਾਉਣ ਲਈ ਕਿਹਾ। 10 ਜਨਵਰੀ ਨੂੰ ਜਦੋਂ ਵਿਦਿਆਰਥੀ ਵਾਪਸ ਆਏ ਤਾਂ ਕਾਲਜ ਬੰਦ ਸਨ।
ਇਹ ਫੀਸ 15,000 ਤੋਂ 29,500 ਕੈਨੇਡੀਅਨ ਡਾਲਰ ਪ੍ਰਤਿ ਵਿਦਿਆਰਥੀ ਸੀ, ਜੋ ਕਿ ਭਾਰਤੀ ਕਰੰਸੀ ਦੇ ਹਿਸਾਬ ਨਾਲ 9 ਲੱਖ ਤੋਂ 17.70 ਲੱਖ ਰੁਪਏ ਬਣਦੀ ਹੈ।
ਕੁਝ ਵਿਦਿਆਰਥੀ ਇਹ ਮੋਟੀਆਂ ਫੀਸਾਂ ਦਾ ਭੁਗਤਾਨ ਕਰਨ ਵਿੱਚ ਕਾਮਯਾਬ ਰਹੇ, ਪਰ ਕੁਝ ਨਹੀਂ ਕਰ ਸਕੇ।
ਸੀਸੀਐਸਕਿਊ ਅਕਾਂਉਟਿੰਗ, ਸਕੱਤਰੇਤ ਅਧਿਐਨ, ਮੈਡੀਕਲ, ਕੰਪਿਊਟਿੰਗ ਅਤੇ ਕਾਨੂੰਨੀ ਅਧਿਐਨਾਂ ਵਿੱਚ ਵੋਕੇਸ਼ਨਲ ਸਿਖਲਾਈ ਪ੍ਰਦਾਨ ਕਰਦਾ ਹੈ।
ਸੀਡੀਈ ਕਾਰੋਬਾਰੀ ਪ੍ਰਸ਼ਾਸਨ ਅਤੇ ਸੂਚਨਾ ਤਕਨਾਲੋਜੀ ਸੰਬੰਧੀ ਕੋਰਸ ਮੁਹੱਈਆ ਕਰਵਾਉਂਦਾ ਹੈ।
ਐਮ ਕਾਲਜ ਦੀਆਂ ਵੈਬਸਾਈਟਾਂ ਦੇ ਅਨੁਸਾਰ, ਵਪਾਰ, ਸਿਹਤ ਅਤੇ ਤਕਨਾਲੋਜੀ ਵਿੱਚ ਚਾਰ ਕੋਰਸ ਸਨ।
2,000 ਪ੍ਰਭਾਵਿਤ ਵਿਦਿਆਰਥੀਆਂ ਵਿੱਚੋਂ, 1,173 ਮਾਂਟਰੀਅਲ ਦੇ ਤਿੰਨ ਪ੍ਰਾਈਵੇਟ ਕਾਲਜਾਂ ਵਿੱਚ ਵਿਅਕਤੀਗਤ ਤੌਰ 'ਤੇ ਪੜ੍ਹ ਰਹੇ ਸਨ। ਜਦਕਿ 637 ਵਿਦਿਆਰਥੀ ਪੰਜਾਬ ਵਿੱਚ ਘਰ ਬੈਠੇ ਆਨਲਾਈਨ ਕਲਾਸਾਂ ਰਾਹੀਂ ਪੜ੍ਹਾਈ ਕਰ ਰਹੇ ਸਨ।
ਵਿਦਿਆਰਥੀਆਂ ਦੀ ਉਮਰ 18 ਤੋਂ 22 ਸਾਲ ਦੇ ਵਿਚਕਾਰ ਹੈ। ਕੁਝ ਹਰਿਆਣਾ ਅਤੇ ਗੁਜਰਾਤ ਤੋਂ ਵੀ ਹਨ ਅਤੇ ਕੈਂਪਸ ਵਿੱਚ ਕਲਾਸਾਂ ਸ਼ੁਰੂ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ।
ਕੋਈ ਹੀਲਾ ਨਾਂ ਹੁੰਦੇ ਵੇਖ ਕੇ 29 ਜਨਵਰੀ, 2022 ਨੂੰ, ਵਿਦਿਆਰਥੀਆਂ ਨੇ 'ਮਾਂਟਰੀਅਲ ਯੂਥ-ਸਟੂਡੈਂਟ ਆਰਗੇਨਾਈਜ਼ੇਸ਼ਨ' (MYSO) ਦੇ ਬੈਨਰ ਹੇਠ, ਮਾਂਟਰੀਅਲ ਦੇ ਲਾਸਲੇ ਵਿਖੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਇੱਕ ਰੈਲੀ ਕੀਤੀ ਅਤੇ ਆਪਣੇ ਕੇਸ ਵਿੱਚ ਇਨਸਾਫ਼ ਦੀ ਮੰਗ ਕੀਤੀ।
ਉਨ੍ਹਾਂ ਇਸ ਸਬੰਧ ਵਿੱਚ ਕੈਨੇਡਾ ਦੇ ਸਿੱਖਿਆ ਮੰਤਰੀ, ਕੈਨੇਡਾ ਵਿੱਚ ਭਾਰਤੀ ਰਾਜਦੂਤ, ਮਾਂਟਰੀਅਲ ਦੇ ਸੰਸਦ ਮੈਂਬਰ ਅਤੇ ਵਿਰੋਧੀ ਧਿਰ ਦੇ ਵੱਖ-ਵੱਖ ਮੰਤਰੀਆਂ ਨੂੰ ਵੀ ਪੱਤਰ ਭੇਜਿਆ।
ਇਸ ਰੈਲੀ ਦੀ ਅਗਵਾਈ ਕਰਨ ਵਾਲੇ ਸਾਬਕਾ ਵਿਦਿਆਰਥੀ ਅਤੇ ਹੁਣ ਕੈਨੇਡਾ ਦੇ ਪਰਮਾਨੈਂਟ ਰੈਜ਼ੀਡੈਂਟ ਵਰੁਣ ਖੰਨਾ ਨੇ ਕਿਹਾ, “ਕੈਨੇਡਾ ਵਿੱਚ ਆਪਣੇ ਬੱਚੇ ਦੀ ਪੜ੍ਹਾਈ ‘ਤੇ ਲਗਭਗ 16 ਤੋਂ 17 ਲੱਖ ਰੁਪਏ ਖਰਚ ਕਰਨ ਵਾਲੇ ਮਾਪੇ ਪ੍ਰੇਸ਼ਾਨ ਹਨ। ਪੰਜਾਬ ਦੇ 95% ਵਿਦਿਆਰਥੀਆਂ ਦੇ ਸਟੱਡੀ ਵੀਜ਼ੇ, ਜੋ ਆਨਲਾਈਨ ਕਲਾਸਾਂ ਲੈ ਰਹੇ ਸਨ, ਨੂੰ ਕੈਨੇਡਾ ਸਰਕਾਰ ਨੇ ਇਨਕਾਰ ਦਿੱਤਾ ਹੈ।
ਮਾਂਟਰੀਅਲ ਵਿੱਚ 70% ਵਿਦਿਆਰਥੀ, ਜੋ ਆਪਣੇ ਆਖਰੀ ਸਮੈਸਟਰ ਵਿੱਚ ਸਨ, ਫਸ ਗਏ ਹਨ। ਪਿਛਲੇ ਸਾਲ ਕਾਲਜ ਵਿੱਚ ਸ਼ਾਮਲ ਹੋਏ 30% ਫਰੈਸ਼ਰਾਂ ਦਾ ਭਵਿੱਖ ਵੀ ਦਾਅ 'ਤੇ ਲੱਗਾ ਹੋਇਆ ਹੈ।
ਜਦੋਂ ਇਹ ਪਤਾ ਲੱਗਾ ਕਿ ਇਹ ਅੰਗਰੇਜ਼ੀ ਭਾਸ਼ਾ ਦੇ ਅਦਾਰੇ ਸਨ ਨਾ ਕਿ ਫਰਾਂਸੀਸੀ ਭਾਸ਼ਾ ਦੇ, ਕਿਊਬਿਕ ਸਰਕਾਰ ਨੇ ਇਹਨਾਂ ਕਾਲਜਾਂ ਦੇ ਲਾਇਸੈਂਸ ਨੂੰ ਰੱਦ ਕਰ ਦਿੱਤਾ।
ਬ੍ਰਿਟਿਸ਼ ਕੋਲੰਬੀਆ ਦੇ ਸਰੀ ਸੈਂਟਰ ਦੇ ਸੰਸਦ ਮੈਂਬਰ ਰਣਦੀਪ ਸਰਾਏ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਬਹੁਤ ਸਾਰੇ ਕਾਲਜਾਂ ਨੇ ਫੰਡਾਂ ਦੀ ਦੁਰਵਰਤੋਂ ਕੀਤੀ ਸੀ ਜਦੋਂ ਕਿ ਕਈਆਂ ਨੇ ਦੀਵਾਲੀਆਪਨ ਦਾ ਐਲਾਨ ਕੀਤਾ ਅਤੇ ਭੱਜ ਗਏ।
ਉਸਨੇ ਸੁਝਾਅ ਦਿੱਤਾ ਕਿ ਵਿਦਿਆਰਥੀਆਂ ਨੂੰ ਸਮੂਹਿਕ ਤੌਰ 'ਤੇ ਮੁਕੱਦਮਾ ਦਾਇਰ ਕਰਨਾ ਚਾਹੀਦਾ ਹੈ ਅਤੇ ਕਿਸੇ ਵਕੀਲ ਨੂੰ ਨਿਯੁਕਤ ਕਰਨਾ ਚਾਹੀਦਾ ਹੈ ਜਾਂ ਸਰਕਾਰ ਕੋਲ ਸੁਤੰਤਰ ਦਾਅਵੇ ਦਾਇਰ ਕਰਨੇ ਚਾਹੀਦੇ ਹਨ।