ਫੀਫਾ : ਆਪਣੇ ਦੇਸ਼ ਦੀ ਹਾਰ ਦਾ ਜਸ਼ਨ ਮਨਾ ਰਹੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ

ਵਿਸ਼ਵ ਕੱਪ ਵਿੱਚ ਈਰਾਨ ਦੀ ਹਾਰ ਦਾ ਜਸ਼ਨ ਮਨਾ ਰਹੇ ਇੱਕ ਨੌਜਵਾਨ ਨੂੰ ਸੁਰੱਖਿਆ ਬਲਾਂ ਨੇ ਗੋਲੀ ਮਾਰ ਦਿੱਤੀ। ਉਸ ਨੌਜ਼ਵਾਨ ਦੀ ਉਮਰ ਕਰੀਬ 27 ਸਾਲ ਸੀ।
ਫੀਫਾ : ਆਪਣੇ ਦੇਸ਼ ਦੀ ਹਾਰ ਦਾ ਜਸ਼ਨ ਮਨਾ ਰਹੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ

ਫੀਫਾ ਵਿਸ਼ਵ ਕੱਪ 2022 ਵਿਚ ਰੋਜ਼ ਨਵੀਆਂ ਖਬਰਾਂ ਸੁਨਣ ਨੂੰ ਮਿਲ ਰਹੀਆਂ ਹਨ। ਮੰਗਲਵਾਰ ਰਾਤ ਕਤਰ 'ਚ ਖੇਡੇ ਜਾ ਰਹੇ ਫੁੱਟਬਾਲ ਵਿਸ਼ਵ ਕੱਪ 'ਚ ਅਮਰੀਕਾ ਨੇ ਈਰਾਨ ਨੂੰ 1-0 ਨਾਲ ਹਰਾ ਕੇ ਟੂਰਨਾਮੈਂਟ 'ਚੋਂ ਬਾਹਰ ਕਰ ਦਿੱਤਾ। ਇਸ ਮੈਚ ਵਿੱਚ ਅਮਰੀਕਾ ਦੀ ਜਿੱਤ ਅਤੇ ਅਗਲੇ ਮੈਚ ਵਿੱਚ ਵੇਲਜ਼ ਦੇ ਖਿਲਾਫ ਇੰਗਲੈਂਡ ਦੀ 3-0 ਦੀ ਜਿੱਤ ਨਾਲ ਇੰਗਲੈਂਡ ਅਤੇ ਅਮਰੀਕਾ ਗਰੁੱਪ ਬੀ ਤੋਂ ਰਾਊਂਡ ਆਫ 16 ਵਿੱਚ ਪਹੁੰਚ ਗਏ। ਇਸ ਦੇ ਨਾਲ ਹੀ ਈਰਾਨ ਅਤੇ ਵੇਲਜ਼ ਦੀਆਂ ਟੀਮਾਂ ਟੂਰਨਾਮੈਂਟ ਤੋਂ ਬਾਹਰ ਹੋ ਗਈਆਂ।

ਈਰਾਨ ਦੀ ਇਸ ਹਾਰ ਤੋਂ ਬਾਅਦ ਨਵਾਂ ਹੰਗਾਮਾ ਖੜ੍ਹਾ ਹੋ ਗਿਆ ਹੈ। ਦਰਅਸਲ ਈਰਾਨ 'ਚ ਇਨ੍ਹੀਂ ਦਿਨੀਂ ਸਰਕਾਰ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਚੱਲ ਰਿਹਾ ਹੈ। ਇਸ ਦੌਰਾਨ ਵਿਸ਼ਵ ਕੱਪ ਵਿੱਚ ਈਰਾਨ ਦੀ ਹਾਰ ਦਾ ਜਸ਼ਨ ਮਨਾ ਰਹੇ ਇੱਕ ਨੌਜਵਾਨ ਨੂੰ ਸੁਰੱਖਿਆ ਬਲਾਂ ਨੇ ਗੋਲੀ ਮਾਰ ਦਿੱਤੀ। ਉਸ ਨੌਜਵਾਨ ਦਾ ਨਾਂ ਮਹਿਰਾਨ ਸਮਕ ਦੱਸਿਆ ਗਿਆ, ਜਿਸ ਦੀ ਉਮਰ ਕਰੀਬ 27 ਸਾਲ ਸੀ।

ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ 'ਚ ਉਹ ਕੇਕ ਕੱਟ ਕੇ ਜਸ਼ਨ ਮਨਾ ਰਿਹਾ ਹੈ। ਇਸਦੇ ਨਾਲ ਹੀ ਈਰਾਨ ਦੇ ਫੁਟਬਾਲਰ ਸਈਦ ਇਜ਼ਾਤੋਲਾਹੀ ਨੇ ਮ੍ਰਿਤਕ ਵਿਅਕਤੀ ਨੂੰ ਆਪਣਾ ਦੋਸਤ ਦੱਸਿਆ ਹੈ।

ਇਜ਼ਾਤੋਲਾਹੀ ਨੇ ਆਪਣੀ ਅਤੇ ਮ੍ਰਿਤਕ ਸਮਕ ਦੀ ਬਚਪਨ ਦੀ ਫੋਟੋ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਸਾਂਝੀ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸਥਾਨਕ ਭਾਸ਼ਾ ਵਿੱਚ ਇੱਕ ਭਾਵੁਕ ਪੋਸਟ ਵੀ ਲਿਖੀ ਹੈ। ਓਸਲੋ ਸਥਿਤ ਸੰਗਠਨ ਈਰਾਨ ਹਿਊਮਨ ਰਾਈਟਸ ਨੇ ਦਾਅਵਾ ਕੀਤਾ ਹੈ ਕਿ ਈਰਾਨ ਦੀ ਹਾਰ ਦਾ ਜਸ਼ਨ ਮਨਾ ਰਹੇ ਸਮਕ ਨੂੰ ਸੁਰੱਖਿਆ ਬਲਾਂ ਨੇ ਸਿਰ 'ਚ ਗੋਲੀ ਮਾਰ ਕੇ ਮਾਰ ਦਿੱਤਾ ਸੀ।

ਇਸ ਤੋਂ ਇਲਾਵਾ ਅਮਰੀਕਾ ਦੇ ਸੰਗਠਨ ਸੈਂਟਰ ਫਾਰ ਹਿਊਮਨ ਰਾਈਟਸ ਇਨ ਈਰਾਨ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਅਜੇ ਤੱਕ ਈਰਾਨ ਵੱਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਫੀਫਾ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ 'ਚ ਈਰਾਨ ਫੁੱਟਬਾਲ ਟੀਮ ਨੇ ਵੀ ਪ੍ਰਦਰਸ਼ਨਕਾਰੀਆਂ ਦਾ ਸਮਰਥਨ ਕੀਤਾ ਸੀ ਅਤੇ ਆਪਣੇ ਦੇਸ਼ ਦਾ ਰਾਸ਼ਟਰੀ ਗੀਤ ਨਹੀਂ ਗਾਇਆ ਸੀ। ਹਾਲਾਂਕਿ ਅਗਲੇ ਦੋ ਮੈਚਾਂ 'ਚ ਕੁਝ ਦਬਾਅ ਕਾਰਨ ਖਿਡਾਰੀਆਂ ਨੂੰ ਫੈਸਲਾ ਪਲਟ ਕੇ ਰਾਸ਼ਟਰੀ ਗੀਤ ਗਾਉਣਾ ਪਿਆ ਸੀ।

Related Stories

No stories found.
logo
Punjab Today
www.punjabtoday.com