ਪਾਕਿਸਤਾਨ ਦੀ ਪਹਿਲੀ ਟਰਾਂਸਜੈਂਡਰ ਐਂਕਰ ਮਾਰਵੀਆ 'ਤੇ ਜਾਨਲੇਵਾ ਹਮਲਾ

ਮਾਰਵੀਆ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਟਰਾਂਸਜੈਂਡਰ ਲੋਕਾਂ ਲਈ ਆਪਣੀ ਆਵਾਜ਼ ਉਠਾਉਂਦੀ ਹੈ, ਇਸੇ ਕਾਰਨ ਉਨ੍ਹਾਂ 'ਤੇ ਹਮਲਾ ਕੀਤਾ ਗਿਆ ਹੈ।
ਪਾਕਿਸਤਾਨ ਦੀ ਪਹਿਲੀ ਟਰਾਂਸਜੈਂਡਰ ਐਂਕਰ ਮਾਰਵੀਆ 'ਤੇ ਜਾਨਲੇਵਾ ਹਮਲਾ

ਪਾਕਿਸਤਾਨ 'ਚ ਔਰਤਾਂ 'ਤੇ ਤਾਂ ਅਕਸਰ ਹਮਲੇ ਹੁੰਦੇ ਰਹਿੰਦੇ ਹਨ, ਪਰ ਹੁਣ ਇਕ ਟਰਾਂਸਜੈਂਡਰ ਐਂਕਰ 'ਤੇ ਹਮਲੇ ਦਾ ਕੇਸ ਸਾਹਮਣੇ ਆ ਰਿਹਾ ਹੈ। ਪਾਕਿਸਤਾਨ ਦੀ ਪਹਿਲੀ ਟਰਾਂਸਜੈਂਡਰ ਨਿਊਜ਼ ਐਂਕਰ 'ਤੇ ਜਾਨਲੇਵਾ ਹਮਲਾ ਹੋਇਆ ਹੈ। ਲਾਹੌਰ 'ਚ ਦਵਾਈਆਂ ਖਰੀਦ ਕੇ ਵਾਪਸ ਪਰਤ ਰਹੀ ਮਾਰਵੀਆ ਮਲਿਕ 'ਤੇ ਦੋ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ, ਹਾਲਾਂਕਿ, ਮਾਰਵੀਆ ਨੂੰ ਗੋਲੀ ਨਹੀਂ ਲੱਗੀ ਅਤੇ ਉਹ ਬਚ ਗਈ। ਮਾਰਵੀਆ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਟਰਾਂਸਜੈਂਡਰ ਲੋਕਾਂ ਲਈ ਆਪਣੀ ਆਵਾਜ਼ ਉਠਾਉਂਦੀ ਹੈ। ਇਸੇ ਕਾਰਨ ਉਨ੍ਹਾਂ 'ਤੇ ਹਮਲਾ ਕੀਤਾ ਗਿਆ ਹੈ।

ਪਾਕਿਸਤਾਨੀ ਮੀਡੀਆ ਜੀਓ ਨਿਊਜ਼ ਮੁਤਾਬਕ ਮਾਰਵੀਆ ਨੇ ਹਾਲ ਹੀ 'ਚ ਟਰਾਂਸਜੈਂਡਰ ਪਰਸਨ ਪ੍ਰੋਟੈਕਸ਼ਨ ਰਾਈਟਸ ਐਕਟ 'ਤੇ ਬਿਆਨ ਦਿੱਤਾ ਸੀ। ਉਦੋਂ ਤੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਉਸ 'ਤੇ 23 ਫਰਵਰੀ ਦੀ ਰਾਤ ਨੂੰ ਹਮਲਾ ਹੋਇਆ ਸੀ। ਇਹ ਮਾਮਲਾ ਐਫਆਈਆਰ ਦਰਜ ਹੋਣ ਤੋਂ ਬਾਅਦ ਸਾਹਮਣੇ ਆਇਆ ਹੈ। ਖਬਰਾਂ ਮੁਤਾਬਕ ਉਹ ਕਿਸੇ ਸਰਜਰੀ ਲਈ ਲਾਹੌਰ 'ਚ ਸੀ।

ਸਤੰਬਰ 2022 ਵਿੱਚ, ਇਸਲਾਮਿਕ ਵਿਚਾਰਧਾਰਾ ਦੀ ਕੌਂਸਲ (CII) ਨੇ ਕਿਹਾ ਸੀ - ਟਰਾਂਸਜੈਂਡਰ ਪਰਸਨ ਪ੍ਰੋਟੈਕਸ਼ਨ ਰਾਈਟਸ ਐਕਟ 2018 ਸ਼ਰੀਆ ਕਾਨੂੰਨ ਦੇ ਅਨੁਸਾਰ ਨਹੀਂ ਹੈ। ਇਸ ਦੀਆਂ ਕਈ ਵਿਵਸਥਾਵਾਂ ਇਸਲਾਮੀ ਸਿਧਾਂਤਾਂ ਦੇ ਵਿਰੁੱਧ ਹਨ। ਇਹ ਐਕਟ ਸਮਾਜ ਵਿੱਚ ਕਈ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਸੀਆਈਆਈ ਨੇ ਕਿਹਾ ਸੀ ਕਿ ਟਰਾਂਸਜੈਂਡਰ ਭਾਈਚਾਰੇ ਨਾਲ ਸਬੰਧਤ ਕਾਨੂੰਨਾਂ ਦੀ ਸਮੀਖਿਆ ਕਰਨ ਲਈ ਸਰਕਾਰ ਵੱਲੋਂ ਇੱਕ ਕਮੇਟੀ ਬਣਾਈ ਜਾਣੀ ਚਾਹੀਦੀ ਹੈ। ਕਮੇਟੀ ਵਿੱਚ ਸੀਆਈਆਈ ਦੇ ਮੈਂਬਰ, ਧਾਰਮਿਕ ਵਿਦਵਾਨ ਅਤੇ ਕਾਨੂੰਨੀ ਤੇ ਮੈਡੀਕਲ ਮਾਹਿਰ ਸ਼ਾਮਲ ਕੀਤੇ ਜਾਣ।

ਮਾਰਵੀਆ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ। 2018 ਵਿੱਚ, 21 ਸਾਲ ਦੀ ਉਮਰ ਵਿੱਚ, ਮਾਰਵੀਆ ਪਾਕਿਸਤਾਨ ਦੀ ਪਹਿਲੀ ਟਰਾਂਸਜੈਂਡਰ ਐਂਕਰ ਬਣ ਗਈ ਸੀ। ਉਸ ਦਾ ਜਨਮ ਲਾਹੌਰ ਵਿਚ ਹੀ ਹੋਇਆ ਸੀ। ਪਰ ਜਦੋਂ ਉਸਨੇ ਟਰਾਂਸਜੈਂਡਰ ਹੋਣ ਬਾਰੇ ਜਨਤਕ ਕੀਤਾ ਤਾਂ ਉਸਨੂੰ ਸਮਰਥਨ ਨਹੀਂ ਮਿਲਿਆ ਅਤੇ ਉਸਨੇ ਲਾਹੌਰ ਛੱਡ ਦਿੱਤਾ। ਕੁਝ ਸਮਾਂ ਪਹਿਲਾਂ ਜੀਓ ਨਿਊਜ਼ ਨੂੰ ਦਿੱਤੇ ਇੰਟਰਵਿਊ 'ਚ ਉਨ੍ਹਾਂ ਨੇ ਖੁਦ ਨੂੰ ਟਰਾਂਸਜੈਂਡਰ ਹੀ ਨਹੀਂ ਸਗੋਂ ਸਾਰਿਆਂ ਲਈ ਮਿਸਾਲ ਦੱਸਿਆ ਸੀ। ਉਨ੍ਹਾਂ ਕਿਹਾ ਸੀ- ਮੈਂ ਸਾਰਿਆਂ ਲਈ ਮਿਸਾਲ ਹਾਂ। ਜੇਕਰ ਟਰਾਂਸਜੈਂਡਰ ਮੀਡੀਆ ਅਤੇ ਫੈਸ਼ਨ ਇੰਡਸਟਰੀ ਵਿੱਚ ਕੰਮ ਕਰ ਸਕਦੇ ਹਨ, ਤਾਂ ਉਹ ਕਿਤੇ ਵੀ ਕੰਮ ਕਰ ਸਕਦੇ ਹਨ। ਮਾਰਵੀਆ ਨੇ ਕਿਹਾ ਕਿ ਉਸ ਦੀ ਮਿਸਾਲ ਸ਼ਾਂਤੀ ਦਾ ਸੰਦੇਸ਼ ਦਿੰਦੀ ਹੈ ਅਤੇ ਦੇਸ਼ ਵਿਚ ਜਾਗਰੂਕਤਾ ਪੈਦਾ ਕਰਦੀ ਹੈ।

Related Stories

No stories found.
logo
Punjab Today
www.punjabtoday.com