
ਜਾਪਾਨ ਦੇ ਨੌਜਵਾਨਾਂ ਦਾ ਬੱਚੇ ਪੈਦਾ ਕਰਨ ਦਾ ਰੁਝਾਨ ਲਗਾਤਾਰ ਘਟਦਾ ਜਾ ਰਿਹਾ ਹੈ। ਜਾਪਾਨ ਦੀ ਸਰਕਾਰ ਨੌਜਵਾਨਾਂ ਦੀ ਘੱਟ ਰਹੀ ਆਬਾਦੀ ਨੂੰ ਲੈ ਕੇ ਲੰਬੇ ਸਮੇਂ ਤੋਂ ਚਿੰਤਤ ਹੈ। ਅਜਿਹੇ ਵਿੱਚ ਸਰਕਾਰ ਲੋਕਾਂ ਨੂੰ ਬੱਚੇ ਪੈਦਾ ਕਰਨ ਲਈ ਪ੍ਰੇਰਿਤ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਹੈ।
ਜਾਪਾਨ ਟੂਡੇ ਦੀ ਰਿਪੋਰਟ ਦੇ ਅਨੁਸਾਰ, ਉਥੋਂ ਦੀ ਸਰਕਾਰ ਹੁਣ ਬੱਚੇ ਪੈਦਾ ਕਰਨ ਲਈ ਸਹਾਇਤਾ ਵਜੋਂ ਦਿੱਤੀ ਜਾਣ ਵਾਲੀ ਰਕਮ ਨੂੰ ਵਧਾਏਗੀ। ਇਸ ਸਬੰਧੀ ਜਾਪਾਨ ਦੇ ਸਿਹਤ ਮੰਤਰੀ ਕਾਤਸੁਨੋਬੂ ਕਾਟੋ ਨੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨਾਲ ਮੁਲਾਕਾਤ ਕੀਤੀ ਅਤੇ ਸਹਾਇਤਾ ਰਾਸ਼ੀ ਵਧਾ ਕੇ 48,000 ਰੁਪਏ ਕਰਨ ਦਾ ਪ੍ਰਸਤਾਵ ਰੱਖਿਆ। ਮੌਜੂਦਾ ਸਮੇਂ ਵਿਚ ਜਾਪਾਨ ਵਿਚ ਬੱਚੇ ਦਾ ਜਨਮ ਹੋਣ 'ਤੇ ਮਾਪਿਆਂ ਨੂੰ ਸਹਿਯੋਗ ਲਈ ਢਾਈ ਲੱਖ ਰੁਪਏ ਤੋਂ ਵੱਧ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਹੁਣ ਇਸ ਨੂੰ ਵਧਾ ਕੇ ਤਿੰਨ ਲੱਖ ਕਰਨ ਦੀ ਯੋਜਨਾ ਬਣਾਈ ਜਾਵੇਗੀ। ਜਿਸ ਨੂੰ ਵਿੱਤੀ ਸਾਲ 2023 ਤੋਂ ਲਾਗੂ ਕੀਤਾ ਜਾਵੇਗਾ।
ਜਾਪਾਨ ਸਰਕਾਰ ਦੇ ਅੰਕੜਿਆਂ ਅਨੁਸਾਰ ਸਾਲ 2021 ਵਿੱਚ ਸਭ ਤੋਂ ਘੱਟ ਬੱਚੇ ਜਾਪਾਨ ਵਿੱਚ ਪੈਦਾ ਹੋਏ ਹਨ। ਜਿਸ ਨਾਲ ਆਬਾਦੀ ਘਟਣ ਦਾ ਡਰ ਹੋਰ ਵੀ ਵਧ ਗਿਆ ਹੈ। ਰਾਇਟਰਜ਼ ਦੀ ਰਿਪੋਰਟ ਮੁਤਾਬਕ ਪਿਛਲੇ ਸਾਲ ਜਾਪਾਨ 'ਚ ਕੁੱਲ 8,11,604 ਬੱਚਿਆਂ ਨੇ ਜਨਮ ਲਿਆ, ਜਦਕਿ ਇਸੇ ਸਾਲ ਮਰਨ ਵਾਲਿਆਂ ਦੀ ਗਿਣਤੀ 14 ਲੱਖ ਤੋਂ ਵੱਧ ਸੀ। ਜਾਪਾਨ ਦੇ ਪਰਿਵਾਰ ਕਲਿਆਣ ਮੰਤਰਾਲੇ ਨੇ 14 ਸਤੰਬਰ ਨੂੰ ਇੱਕ ਰਿਪੋਰਟ ਜਾਰੀ ਕੀਤੀ ਹੈ।
ਇਸ ਦੇ ਮੁਤਾਬਕ ਜਾਪਾਨ 'ਚ 100 ਸਾਲ ਦੀ ਉਮਰ ਪਾਰ ਕਰ ਚੁੱਕੇ ਲੋਕਾਂ ਦੀ ਗਿਣਤੀ 86 ਹਜ਼ਾਰ ਨੂੰ ਪਾਰ ਕਰ ਗਈ ਹੈ। ਇਨ੍ਹਾਂ ਵਿੱਚੋਂ 88% ਔਰਤਾਂ ਹਨ। ਜਾਪਾਨ ਵਿੱਚ, ਸਰਕਾਰ ਨੇ ਸੈਟਲ ਹੋਣ ਦੇ ਚਾਹਵਾਨ ਜੋੜਿਆਂ ਨੂੰ 6 ਲੱਖ ਯੇਨ ਯਾਨੀ ਲਗਭਗ 4.25 ਲੱਖ ਰੁਪਏ ਤੱਕ ਦੀ ਪ੍ਰੋਤਸਾਹਨ ਰਾਸ਼ੀ ਦੇਣ ਦਾ ਫੈਸਲਾ ਕੀਤਾ ਹੈ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਜਲਦੀ ਵਿਆਹ ਕਰਵਾ ਕੇ ਬੱਚਿਆਂ ਨੂੰ ਜਨਮ ਦੇਣ ਅਤੇ ਦੇਸ਼ ਵਿੱਚ ਤੇਜ਼ੀ ਨਾਲ ਡਿੱਗ ਰਹੀ ਜਨਮ ਦਰ ਨੂੰ ਕੰਟਰੋਲ ਕੀਤਾ ਜਾ ਸਕੇ। ਇਸ ਦੇ ਲਈ ਸਰਕਾਰ ਅਪ੍ਰੈਲ ਤੋਂ ਵੱਡੇ ਪੱਧਰ 'ਤੇ ਇਨਾਮੀ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹੈ।