
ਅਲੀਬਾਬਾ ਦੇ ਜੈਕ ਮਾ ਨੇ ਕੋਰੋਨਾ ਕਾਲ ਦੇ ਦੌਰਾਨ ਚੀਨ ਦੀ ਜਿਨਪਿੰਗ ਸਰਕਾਰ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ ਸੀ। ਚੀਨ 'ਚ ਜਿਨਪਿੰਗ ਸਰਕਾਰ ਦੀ ਅਲੋਚਨਾ ਕਰਨ ਤੋਂ ਬਾਅਦ ਗਾਇਬ ਹੋ ਗਏ ਮਸ਼ਹੂਰ ਈ-ਕਾਮਰਸ ਕੰਪਨੀ ਅਲੀਬਾਬਾ ਦੇ ਸੰਸਥਾਪਕ ਜੈਕ ਮਾ ਆਸਟ੍ਰੇਲੀਆ 'ਚ ਨਜ਼ਰ ਆਏ।
ਚੀਨੀ ਮੀਡੀਆ ਰਿਪੋਰਟਾਂ ਨੇ ਇਕ ਗਰੁੱਪ ਫੋਟੋ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਹ ਇਕ ਆਸਟ੍ਰੇਲੀਆਈ ਪਰਿਵਾਰ ਨਾਲ ਸੀ। ਮਾ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਹਨ। ਇੱਕ ਫੋਟੋ ਵਿੱਚ, ਮਾ ਕੋਕ ਪੀਂਦੇ ਹੋਏ ਆਪਣਾ ਮੋਬਾਈਲ ਫੋਨ ਵੇਖ ਰਿਹਾ ਹੈ। ਇਹ ਮੈਲਬੌਰਨ ਦੇ ਇੱਕ ਹੋਟਲ ਦੀ ਤਸਵੀਰ ਦੱਸੀ ਜਾ ਰਹੀ ਹੈ। ਜੈਕ ਮਾ ਆਸਟ੍ਰੇਲੀਆ ਦੇ ਮੋਰਲੇ ਪਰਿਵਾਰ ਨੂੰ ਕਰੀਬ 4 ਦਹਾਕਿਆਂ ਤੋਂ ਜਾਣਦਾ ਹੈ। ਪਰਿਵਾਰ ਨੇ 1980 ਦੇ ਦਹਾਕੇ ਵਿੱਚ ਮਾ ਦੇ ਭਵਿੱਖ ਨੂੰ ਬਣਾਉਣ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਈ ਸੀ ।
ਮੋਰਲੇ ਪਰਿਵਾਰ 1980 ਦੇ ਦਹਾਕੇ ਵਿੱਚ ਮਾ ਦੇ ਜੱਦੀ ਸ਼ਹਿਰ ਹਾਂਗਜ਼ੂ ਵਿੱਚ ਚਲਾ ਗਿਆ। 1985 ਵਿੱਚ ਪਰਿਵਾਰ ਨੇ ਮਾ ਨੂੰ ਆਪਣੀ ਪਹਿਲੀ ਵਿਦੇਸ਼ੀ ਯਾਤਰਾ ਲਈ ਨਿਊਕੈਸਲ, ਨਿਊ ਸਾਊਥ ਵੇਲਜ਼ ਵਿੱਚ ਬੁਲਾਇਆ। 2017 ਵਿੱਚ, ਮਾ ਨੇ ਆਪਣੇ ਮਰਹੂਮ ਸਲਾਹਕਾਰ ਕੇਨ ਮੋਰਲੇ ਦੇ ਨਾਮ ਉੱਤੇ ਇੱਕ $20 ਮਿਲੀਅਨ ਯੂਨੀਵਰਸਿਟੀ ਸਕਾਲਰਸ਼ਿਪ ਫੰਡ ਬਣਾਇਆ। ਜੈਕ ਮਾ ਦੀ ਮਲਕੀਅਤ ਵਾਲੀ ਕੰਪਨੀ ਐਂਟ ਗਰੁੱਪ ਦਾ ਦੁਨੀਆ ਦਾ ਸਭ ਤੋਂ ਵੱਡਾ ਆਈਪੀਓ ਚੀਨੀ ਸਰਕਾਰ ਨੇ ਬਲਾਕ ਕਰ ਦਿੱਤਾ ਅਤੇ ਅਰਬਾਂ ਡਾਲਰ ਦਾ ਜੁਰਮਾਨਾ ਲਾਇਆ ਗਿਆ।
ਜੈਕ ਮਾ ਇਸ ਪੂਰੀ ਘਟਨਾ ਤੋਂ ਬਾਅਦ ਜਨਤਕ ਤੌਰ 'ਤੇ ਦਿਖਾਈ ਨਹੀਂ ਦਿਤੇ ਸਨ। ਉਸਨੇ ਆਖਰੀ ਵਾਰ ਨਵੰਬਰ 2020 ਵਿੱਚ ਟਵੀਟ ਕੀਤਾ ਸੀ ਅਤੇ ਉਸਦਾ ਇੱਕ ਵੀਡੀਓ 2021 ਵਿੱਚ ਸਾਹਮਣੇ ਆਇਆ ਸੀ। ਵੀਡੀਓ ਵਿੱਚ ਜੈਕ ਕਹਿ ਰਿਹਾ ਹੈ ਕਿ ਅਸੀਂ ਮਹਾਂਮਾਰੀ ਖ਼ਤਮ ਹੋਣ ਤੋਂ ਬਾਅਦ ਦੁਬਾਰਾ ਮਿਲਾਂਗੇ। ਜੈਕ ਮਾ 24 ਅਕਤੂਬਰ 2020 ਨੂੰ ਇੱਕ ਮੀਟਿੰਗ ਦੌਰਾਨ ਨਿਸ਼ਾਨੇ 'ਤੇ ਆਇਆ ਸੀ। ਇਸ ਬੈਠਕ 'ਚ ਚੀਨੀ ਰਾਜਨੀਤੀ ਅਤੇ ਅਰਥ ਵਿਵਸਥਾ ਦੇ ਵੱਡੇ ਅਧਿਕਾਰੀ ਮੌਜੂਦ ਸਨ। ਇਸ ਵਿੱਚ ਜੈਕ ਮਾ ਨੇ ਚੀਨੀ ਬੈਂਕਾਂ ਦੀ ਅਲੋਚਨਾ ਕੀਤੀ। ਉਸ ਨੇ ਕਿਹਾ ਸੀ, ਚੀਨੀ ਬੈਂਕ ਫੰਡਿੰਗ ਲਈ ਕੁਝ ਗਿਰਵੀਨਾਮੇ ਦੀ ਮੰਗ ਕਰਦੇ ਹਨ। ਇਸ ਕਾਰਨ ਨਵੀਆਂ ਤਕਨੀਕਾਂ ਨੂੰ ਫੰਡ ਨਹੀਂ ਮਿਲਦੇ ਅਤੇ ਨਵੇਂ ਤਜਰਬੇ ਰੁਕ ਜਾਂਦੇ ਹਨ।