
ਸਿਨੇਮਾ ਦੀ ਦੁਨੀਆ 'ਚ ਇਤਿਹਾਸ ਰਚਣ ਵਾਲੀ ਹਾਲੀਵੁੱਡ ਫਿਲਮ 'ਅਵਤਾਰ 2' ਰਿਲੀਜ਼ ਹੋਣ ਲਈ ਤਿਆਰ ਹੈ। ਇਹ ਫਿਲਮ ਦਸੰਬਰ ਮਹੀਨੇ 'ਚ ਪੂਰੀ ਦੁਨੀਆ 'ਚ ਰਿਲੀਜ਼ ਹੋਵੇਗੀ। ਭਾਰਤ 'ਚ ਵੀ ਇਸ ਨੂੰ ਲੈ ਕੇ ਕਾਫੀ ਕ੍ਰੇਜ਼ ਹੈ।
ਹਿੰਦੀ ਤੋਂ ਇਲਾਵਾ ਇਹ ਦੱਖਣ ਦੀਆਂ ਕਈ ਭਾਸ਼ਾਵਾਂ 'ਚ ਵੀ ਰਿਲੀਜ਼ ਹੋਵੇਗੀ। ਪਰ ਹੁਣ ਸਾਊਥ ਦੇ ਪ੍ਰਸ਼ੰਸਕਾਂ ਲਈ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਇਹ ਮਾਮਲਾ ਪੈਸੇ ਨੂੰ ਲੈ ਕੇ ਨਿਰਮਾਤਾਵਾਂ ਅਤੇ ਵਿਤਰਕਾਂ ਵਿਚਕਾਰ ਫਸਿਆ ਹੋਇਆ ਹੈ। ਜੇਕਰ ਸਭ ਠੀਕ ਨਹੀਂ ਰਿਹਾ ਤਾਂ ਦੱਖਣ ਦੇ ਕੁਝ ਰਾਜਾਂ 'ਚ ਫਿਲਮ ਰਿਲੀਜ਼ ਨਹੀਂ ਹੋਵੇਗੀ। ਅਵਤਾਰ: ਦਿ ਵੇ ਆਫ ਵਾਟਰ ਸਾਲ 2009 'ਚ ਰਿਲੀਜ਼ ਹੋਈ ਫਿਲਮ 'ਅਵਤਾਰ' ਦਾ ਸੀਕਵਲ ਹੈ। ਇਸ ਵਿੱਚ ਨਵੀ ਖੂਬਸੂਰਤ ਦੁਨੀਆ ਨੂੰ ਦਿਖਾਇਆ ਗਿਆ ਸੀ।
13 ਸਾਲ ਪਹਿਲਾਂ ਰਿਲੀਜ਼ ਹੋਈ ਇਸ ਫਿਲਮ ਨੇ ਭਾਰਤੀ ਬਾਜ਼ਾਰ 'ਚ ਵੀ ਕਈ ਰਿਕਾਰਡ ਤੋੜੇ ਅਤੇ ਜ਼ਬਰਦਸਤ ਕਮਾਈ ਕੀਤੀ ਸੀ। ਪੂਰੀ ਦੁਨੀਆ ਇਸ 'ਅਵਤਾਰ 2' ਦਾ ਇੰਤਜ਼ਾਰ ਕਰ ਰਹੀ ਹੈ, ਤਾਂ ਜੋ ਉਹ ਇਸਨੂੰ ਦੁਬਾਰਾ ਇਤਿਹਾਸ ਬਣਾਉਂਦੇ ਹੋਏ ਦੇਖ ਸਕੇ। ਇਸ ਫਿਲਮ ਨੂੰ ਲੈ ਕੇ ਲੋਕਾਂ 'ਚ ਕਿੰਨਾ ਕ੍ਰੇਜ਼ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 'ਅਵਤਾਰ' ਕੁਝ ਦਿਨ ਪਹਿਲਾਂ ਫਿਰ ਤੋਂ ਪਰਦੇ 'ਤੇ ਰਿਲੀਜ਼ ਹੋਈ ਸੀ ਅਤੇ ਫਿਲਮ ਨੇ ਫਿਰ ਤੋਂ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕੀਤਾ ਸੀ।
ਇਸ ਨੂੰ ਧਿਆਨ 'ਚ ਰੱਖਦੇ ਹੋਏ ਨਿਰਮਾਤਾ ਥੀਏਟਰ ਰਾਈਟਸ ਦੀ ਕੀਮਤ ਤੈਅ ਕਰ ਰਹੇ ਹਨ। ਇਕ ਰਿਪੋਰਟ ਦੇ ਅਨੁਸਾਰ, ਨਿਰਮਾਤਾਵਾਂ ਨੇ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਥੀਏਟਰਲ ਰਿਲੀਜ਼ ਲਈ ਵਿਤਰਕਾਂ ਤੋਂ 100 ਕਰੋੜ ਰੁਪਏ ਦੀ ਮੰਗ ਕੀਤੀ ਹੈ। ਨਿਰਮਾਤਾਵਾਂ ਦੀ ਇਸ ਮੰਗ ਤੋਂ ਬਾਅਦ ਡਿਸਟ੍ਰੀਬਿਊਟਰ ਭੰਬਲਭੂਸੇ ਵਿੱਚ ਹਨ। ਉਹ ਇਹ ਫੈਸਲਾ ਨਹੀਂ ਕਰ ਪਾ ਰਹੇ ਹਨ ਕਿ ਇਸ ਦੇ ਥੀਏਟਰ ਅਧਿਕਾਰ ਖਰੀਦਣੇ ਹਨ ਜਾਂ ਨਹੀਂ। ਦੇਖਦੇ ਹਾਂ ਕਿ ਕੀ ਨਿਰਮਾਤਾ ਇਸ ਰਕਮ ਨੂੰ ਘੱਟ ਕਰਨਗੇ ਜਾਂ ਖਰੀਦਦਾਰਾਂ ਨੂੰ ਆਪਣੀ ਜੇਬ ਤੋਂ ਅਦਾ ਕਰਨਾ ਪਵੇਗਾ। ਅਵਤਾਰ 2 ਭਾਰਤ ਵਿੱਚ 16 ਦਸੰਬਰ 2022 ਨੂੰ ਰਿਲੀਜ਼ ਹੋ ਰਹੀ ਹੈ। ਇਹ ਹਿੰਦੀ ਸਮੇਤ ਸਾਰੀਆਂ ਭਾਸ਼ਾਵਾਂ ਵਿੱਚ 3D, 4K, 5K ਅਤੇ 8K ਵੀਡੀਓ ਫਾਰਮੈਟਾਂ ਵਿੱਚ ਰਿਲੀਜ਼ ਕੀਤਾ ਜਾਵੇਗਾ। ਇਸ ਦਾ ਨਿਰਦੇਸ਼ਨ ਜੇਮਸ ਕੈਮਰਨ ਨੇ ਕੀਤਾ ਹੈ।