ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਇਨ੍ਹੀਂ ਦਿਨੀਂ ਅਜਿਹੇ ਗ੍ਰੈਜੂਏਟ ਨੌਜਵਾਨਾਂ ਦੀ ਭਰਤੀ ਕਰ ਰਹੀ ਹੈ, ਜੋ ਹਿੰਦੀ ਜਾਣਦੇ ਹਨ। ਮੰਨਿਆ ਜਾ ਰਿਹਾ ਹੈ ਕਿ ਚੀਨੀ ਫੌਜ ਭਾਰਤ ਬਾਰੇ ਖੁਫੀਆ ਜਾਣਕਾਰੀ ਇਕੱਠੀ ਕਰਨ ਅਤੇ ਅਸਲ ਸਰਹੱਦੀ ਰੇਖਾ ਬਾਰੇ ਜਾਣਕਾਰੀ ਹਾਸਲ ਕਰਨ ਲਈ ਅਜਿਹਾ ਕਰ ਰਹੀ ਹੈ।
ਰਿਪੋਰਟਾਂ ਮੁਤਾਬਕ ਪੱਛਮੀ ਥੀਏਟਰ ਕਮਾਂਡ ਦੇ ਅਧੀਨ ਆਉਣ ਵਾਲੇ ਤਿੱਬਤ ਮਿਲਟਰੀ ਡਿਸਟ੍ਰਿਕਟ ਨੇ ਇਸ ਸਾਲ ਜੂਨ 'ਚ ਇਹ ਭਰਤੀ ਸ਼ੁਰੂ ਕੀਤੀ ਸੀ। ਚੀਨੀ ਫੌਜ ਦੀ ਪੱਛਮੀ ਥੀਏਟਰ ਕਮਾਂਡ ਭਾਰਤ ਨਾਲ ਲੱਗਦੀ ਸਰਹੱਦ ਦੀ ਸੁਰੱਖਿਆ ਦੀ ਦੇਖ-ਰੇਖ ਕਰਦੀ ਹੈ। ਤਿੱਬਤ ਮਿਲਟਰੀ ਡਿਸਟ੍ਰਿਕਟ LAC ਦੇ ਹੇਠਲੇ ਹਿੱਸੇ 'ਤੇ ਸੁਰੱਖਿਆ ਕਾਰਜਾਂ ਦੀ ਨਿਗਰਾਨੀ ਕਰਦਾ ਹੈ, ਜੋ ਭਾਰਤ ਦੇ ਉੱਤਰ-ਪੂਰਬੀ ਰਾਜਾਂ ਅਤੇ ਉੱਤਰਾਖੰਡ ਨਾਲ ਲੱਗਦੀ ਹੈ।
ਇਸ ਤੋਂ ਇਲਾਵਾ ਲੱਦਾਖ ਦੀ ਨਿਗਰਾਨੀ ਕਰਨ ਵਾਲਾ ਸ਼ਿਨਜਿਆਂਗ ਮਿਲਟਰੀ ਡਿਸਟ੍ਰਿਕਟ ਵੀ ਇਸ ਕਮਾਂਡ ਅਧੀਨ ਕੰਮ ਕਰਦਾ ਹੈ। ਇੰਟੈਲੀਜੈਂਸ ਇਨਪੁਟਸ ਦੱਸਦੇ ਹਨ ਕਿ ਤਿੱਬਤ ਮਿਲਟਰੀ ਡਿਸਟ੍ਰਿਕਟ ਨੇ ਚੀਨ ਦੇ ਕਈ ਕਾਲਜਾਂ ਅਤੇ ਯੂਨੀਵਰਸਿਟੀਆਂ ਦਾ ਦੌਰਾ ਕੀਤਾ ਹੈ। ਇਸ ਦੌਰਾਨ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਉਹ ਹਿੰਦੀ ਦੇ ਅਨੁਵਾਦਕ ਵਜੋਂ ਚੀਨੀ ਫੌਜ ਵਿੱਚ ਕਿਵੇਂ ਆਪਣਾ ਭਵਿੱਖ ਬਣਾ ਸਕਦੇ ਹਨ। ਇੰਨਾ ਹੀ ਨਹੀਂ ਪਿਛਲੇ ਕੁਝ ਮਹੀਨਿਆਂ 'ਚ ਪੀਐੱਲਏ ਨੇ ਵੱਡੀ ਗਿਣਤੀ 'ਚ ਤਿੱਬਤੀ ਲੋਕਾਂ ਦੀ ਭਰਤੀ ਕੀਤੀ ਹੈ ਜੋ ਹਿੰਦੀ ਬੋਲ ਸਕਦੇ ਹਨ।
ਇਨ੍ਹਾਂ ਲੋਕਾਂ ਨੂੰ ਭਾਰਤ ਨਾਲ ਲੱਗਦੀ ਉੱਤਰੀ ਸਰਹੱਦ 'ਤੇ ਤਾਇਨਾਤ ਕੀਤਾ ਜਾ ਰਿਹਾ ਹੈ। ਹਾਲਾਂਕਿ ਭਾਰਤ ਵੀ ਚੀਨੀ ਰਣਨੀਤੀ ਦਾ ਮੁਕਾਬਲਾ ਕਰਨ ਦੀ ਤਿਆਰੀ ਕਰ ਰਿਹਾ ਹੈ। ਹਾਲ ਹੀ ਵਿੱਚ, ਭਾਰਤੀ ਫੌਜ ਨੇ ਆਪਣੇ ਸੈਨਿਕਾਂ ਲਈ ਤਿੱਬਤ ਵਿਗਿਆਨ ਦਾ ਕੋਰਸ ਸ਼ੁਰੂ ਕੀਤਾ ਹੈ। ਇੰਨਾ ਹੀ ਨਹੀਂ ਹੁਣ ਭਾਰਤੀ ਫੌਜ ਨੇ ਚੀਨ ਦੀ ਮੈਂਡਰਿਨ ਭਾਸ਼ਾ ਸਿੱਖਣ ਦਾ ਕੋਰਸ ਵੀ ਸ਼ੁਰੂ ਕੀਤਾ ਹੈ। ਹਾਲ ਹੀ ਵਿੱਚ, ਭਾਰਤੀ ਫੌਜ ਦੀ ਤ੍ਰਿਸ਼ਕਤੀ ਕੋਰ ਨੇ ਟਵੀਟ ਕੀਤਾ ਕਿ ਤਿੱਬਤ ਵਿਗਿਆਨ ਕੋਰਸ ਦਾ ਪਹਿਲਾ ਬੈਚ ਸਫਲਤਾਪੂਰਵਕ ਪੂਰਾ ਹੋ ਗਿਆ ਹੈ।
ਇਸ ਦੇ ਨਾਲ ਹੀ ਫੌਜ ਨੇ ਕੈਪਸ਼ਨ 'ਚ ਲਿਖਿਆ, 'ਭਾਸ਼ਾ ਸੱਭਿਆਚਾਰ ਲਈ ਰੋਡ ਮੈਪ ਹੈ।'ਦੱਸ ਦੇਈਏ ਕਿ ਮਈ 2020 ਵਿੱਚ ਪੂਰਬੀ ਲੱਦਾਖ ਵਿੱਚ ਭਾਰਤੀ ਫੌਜ ਅਤੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦਰਮਿਆਨ ਝੜਪ ਹੋਈ ਸੀ। ਉਦੋਂ ਤੋਂ ਚੀਨੀ ਫੌਜ ਨੇ ਤਿੱਬਤੀਆਂ ਦੀ ਭਰਤੀ ਵਧਾ ਦਿੱਤੀ ਹੈ। ਇਸ ਦਾ ਕਾਰਨ ਇਹ ਹੈ ਕਿ ਤਿੱਬਤੀ ਲੱਦਾਖ ਬਾਰੇ ਬਹੁਤ ਕੁਝ ਜਾਣਦੇ ਹਨ। ਇੰਨਾ ਹੀ ਨਹੀਂ ਚੀਨੀ ਫੌਜ ਸਿੱਕਮ ਨਾਲ ਲੱਗਦੀ ਸਰਹੱਦ 'ਤੇ ਤਿੱਬਤੀ ਲੋਕਾਂ ਨੂੰ ਵਲੰਟੀਅਰ ਮਿਲੀਸ਼ੀਆ ਵਜੋਂ ਭਰਤੀ ਵੀ ਕਰ ਰਹੀ ਹੈ।