
ਚੀਨ 'ਚ ਇਕ ਵਾਰ ਫੇਰ ਕੋਰੋਨਾ ਨੇ ਰਫਤਾਰ ਫੜ ਲਈ ਹੈ। ਚੀਨ 'ਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸਨੂੰ ਸੁਣ ਕੇ ਤੁਹਾਨੂੰ ਹੱਸਣ ਦੇ ਨਾਲ-ਨਾਲ ਗੁੱਸਾ ਵੀ ਆ ਜਾਵੇਗਾ। ਦਰਅਸਲ, ਚੀਨ ਦੀ ਇੱਕ 38 ਸਾਲਾ ਗਾਇਕਾ ਜੇਨ ਝਾਂਗ ਨੇ ਜਾਣਬੁੱਝ ਕੇ ਆਪਣੇ ਆਪ ਨੂੰ ਕੋਰੋਨਾ ਨਾਲ ਸੰਕਰਮਿਤ ਕੀਤਾ ਤਾਂ ਜੋ ਉਹ ਆਉਣ ਵਾਲੇ ਨਵੇਂ ਸਾਲ ਦੀ ਪਾਰਟੀ ਦਾ ਆਨੰਦ ਲੈ ਸਕੇ।
ਚੀਨ 'ਚ ਕੋਰੋਨਾ ਦਾ ਖ਼ਤਰਾ ਫਿਰ ਵਧਦਾ ਦੇਖ ਕੇ ਜੇਨ ਝਾਂਗ ਨੇ ਸੋਚਿਆ ਕਿ ਉਸਨੂੰ ਪਹਿਲਾਂ ਹੀ ਕੋਰੋਨਾ ਨਾਲ ਸੰਕਰਮਿਤ ਹੋ ਜਾਣਾ ਚਾਹੀਦਾ ਹੈ ਤਾਂ ਕਿ ਨਵੇਂ ਸਾਲ ਤੱਕ ਉਹ ਇਸ ਤੋਂ ਠੀਕ ਹੋ ਸਕੇ ਅਤੇ ਉਸ 'ਚ ਐਂਟੀਬਾਡੀਜ਼ ਵਿਕਸਿਤ ਹੋ ਸਕਣ। ਇਸ ਗੱਲ ਦੀ ਜਾਣਕਾਰੀ ਜੇਨ ਝਾਂਗ ਨੇ ਆਪਣੇ ਸੋਸ਼ਲ ਮੀਡੀਆ 'ਤੇ ਦਿੱਤੀ ਸੀ, ਜਿਸਨੂੰ ਦੇਖਦੇ ਹੋਏ ਲੋਕਾਂ ਨੇ ਉਸਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਸੀ।
ਜੇਨ ਝਾਂਗ ਨੇ ਸੋਸ਼ਲ ਮੀਡੀਆ 'ਤੇ ਖੁਲਾਸਾ ਕੀਤਾ ਸੀ ਕਿ ਉਸਨੇ ਜਾਣਬੁੱਝ ਕੇ ਆਪਣੇ ਆਪ ਨੂੰ ਕੋਰੋਨਾ ਨਾਲ ਸੰਕਰਮਿਤ ਕੀਤਾ ਸੀ। ਜੇਨ ਝਾਂਗ ਨੇ ਲਿਖਿਆ- 'ਮੈਨੂੰ ਚਿੰਤਾ ਸੀ ਕਿ ਨਵੇਂ ਸਾਲ ਦੇ ਪ੍ਰਦਰਸ਼ਨ ਦੌਰਾਨ ਮੇਰੀ ਸਿਹਤ ਵਿਗੜ ਸਕਦੀ ਹੈ, ਇਸ ਲਈ ਮੈਂ ਉਨ੍ਹਾਂ ਲੋਕਾਂ ਨੂੰ ਮਿਲੀ ਜੋ ਕੋਵਿਡ ਪਾਜ਼ੇਟਿਵ ਸਨ, ਕਿਉਂਕਿ ਮੇਰੇ ਕੋਲ ਹੁਣ ਵਾਇਰਸ ਤੋਂ ਠੀਕ ਹੋਣ ਦਾ ਸਮਾਂ ਹੈ।'
ਦੱਸਿਆ ਜਾ ਰਿਹਾ ਹੈ ਕਿ ਜੇਨ ਕੋਵਿਡ ਨਾਲ ਸੰਕਰਮਿਤ ਲੋਕਾਂ ਦੇ ਘਰ ਜਾ ਰਹੀ ਸੀ। ਜਦੋਂ ਜੇਨ ਨੂੰ ਵਾਇਰਸ ਹੋਇਆ, ਤਾਂ ਉਸਨੂੰ ਬੁਖਾਰ, ਸਿਰ ਦਰਦ ਅਤੇ ਗਲੇ ਵਿੱਚ ਖਰਾਸ਼ ਹੋਇਆ, ਹਾਲਾਂਕਿ ਉਹ ਇੱਕ ਦਿਨ ਵਿੱਚ ਠੀਕ ਹੋ ਗਈ। ਜਦੋਂ ਗਾਇਕਾ ਜੇਨ ਝਾਂਗ ਨੇ ਇਸ ਸਾਰੀ ਘਟਨਾ ਨੂੰ ਆਪਣੇ ਸੋਸ਼ਲ ਮੀਡੀਆ 'ਤੇ ਬਿਆਨ ਕੀਤਾ ਤਾਂ ਲੋਕਾਂ ਨੇ ਉਸ ਨੂੰ ਬੁਰੀ ਤਰ੍ਹਾਂ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।
ਟ੍ਰੋਲਿੰਗ ਨੂੰ ਦੇਖਦੇ ਹੋਏ ਜੇਨ ਨੇ ਆਪਣੀ ਪੋਸਟ ਡਿਲੀਟ ਕਰ ਦਿੱਤੀ। ਦੱਸ ਦੇਈਏ ਕਿ ਇਸ ਸਮੇਂ ਚੀਨ ਵਿੱਚ ਕੋਰੋਨਾ ਦੀ ਸੱਤਵੀਂ ਲਹਿਰ ਆ ਚੁੱਕੀ ਹੈ। ਇਸ ਦਾ BF.7 ਵੇਰੀਐਂਟ ਕਾਫੀ ਖਤਰਨਾਕ ਸਾਬਤ ਹੋ ਰਿਹਾ ਹੈ। ਲੰਡਨ ਸਥਿਤ ਗਲੋਬਲ ਹੈਲਥ ਇੰਟੈਲੀਜੈਂਸ ਕੰਪਨੀ ਏਅਰਫਿਨਿਟੀ ਦੇ ਮੁਤਾਬਕ ਚੀਨ 'ਚ ਹਰ ਰੋਜ਼ ਕੋਰੋਨਾ ਦੇ 10 ਲੱਖ ਮਾਮਲੇ ਸਾਹਮਣੇ ਆ ਰਹੇ ਹਨ।
24 ਘੰਟਿਆਂ 'ਚ 5 ਹਜ਼ਾਰ ਮੌਤਾਂ ਹੋ ਰਹੀਆਂ ਹਨ। ਜੇਕਰ ਇਹ ਰਫ਼ਤਾਰ ਜਾਰੀ ਰਹੀ ਤਾਂ ਜਨਵਰੀ 'ਚ ਰੋਜ਼ਾਨਾ ਮਾਮਲੇ ਵਧ ਕੇ 37 ਲੱਖ ਹੋ ਜਾਣਗੇ। ਮਾਰਚ ਵਿੱਚ ਇਹ ਅੰਕੜਾ 42 ਲੱਖ ਹੋ ਸਕਦਾ ਹੈ। ਇਸ ਤੋਂ ਪਹਿਲਾਂ ਏਅਰਫਿਨਿਟੀ ਨੇ ਆਪਣੇ ਅੰਦਾਜ਼ੇ 'ਚ ਕਿਹਾ ਸੀ ਕਿ ਚੀਨ 'ਚ ਜ਼ੀਰੋ ਕੋਵਿਡ ਪਾਲਿਸੀ ਖਤਮ ਹੋਣ ਤੋਂ ਬਾਅਦ 21 ਲੱਖ ਮੌਤਾਂ ਹੋ ਸਕਦੀਆਂ ਹਨ। ਹਾਲਾਂਕਿ, ਉੱਥੇ ਦੀ ਸਰਕਾਰ ਦੁਆਰਾ ਜਾਰੀ ਅਧਿਕਾਰਤ ਅੰਕੜਿਆਂ ਵਿੱਚ, ਸਿਰਫ 4 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ।