
ਰੂਸ ਨਾਲ ਜੰਗ ਦਾ ਸਾਹਮਣਾ ਕਰ ਰਹੇ ਯੂਕਰੇਨ ਨੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਸੰਦੇਸ਼ ਦਿੱਤਾ ਹੈ। ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਦੱਸਿਆ ਹੈ, ਕਿ ਭਾਰਤੀ ਵਿਦਿਆਰਥੀ ਕਦੋਂ ਯੂਕਰੇਨ ਵਾਪਸ ਆ ਸਕਦੇ ਹਨ।
ਪੂਰਬੀ ਯੂਰਪ ਦੇ ਇਸ ਦੇਸ਼ ਵਿੱਚ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਸੀ। ਜ਼ਿਆਦਾਤਰ ਵਿਦਿਆਰਥੀ ਮੈਡੀਕਲ ਦੀ ਪੜ੍ਹਾਈ ਲਈ ਯੂਕਰੇਨ ਗਏ ਸਨ। ਇਕ ਭਾਰਤੀ ਨਿਊਜ਼ ਚੈਨਲ ਨੂੰ ਦਿੱਤੇ ਸੰਦੇਸ਼ 'ਚ ਕੁਲੇਬਾ ਨੇ ਖਾਸ ਤੌਰ 'ਤੇ ਭਾਰਤੀ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਯੂਕਰੇਨ ਜੰਗ ਜਿੱਤ ਜਾਵੇਗਾ ਤਾਂ ਇਹ ਵਿਦਿਆਰਥੀ ਵਾਪਸ ਪਰਤ ਸਕਣਗੇ।
ਕੁਲੇਬਾ ਨੇ ਕਿਹਾ ਕਿ , "ਯੂਕਰੇਨ ਜਿੱਤਣ 'ਤੇ ਤੁਸੀਂ ਵਾਪਸ ਆਵੋਗੇ। ਤੁਸੀਂ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹੋ। ਅਸੀਂ ਪੂਰਬੀ ਯੂਕਰੇਨ ਦੇ ਖਾਰਕਿਵ ਵਿੱਚ ਤੁਹਾਡੇ ਨਾਲ ਦੀਵਾਲੀ ਮਨਾਉਣ ਦੀ ਉਮੀਦ ਕਰਦੇ ਹਾਂ, ਜਿੱਥੇ ਇਹ ਤਿਉਹਾਰ ਸਥਾਨਕ ਪਰੰਪਰਾ ਦਾ ਇੱਕ ਅਨਿੱਖੜਵਾਂ ਅੰਗ ਬਣ ਗਿਆ ਹੈ।' ਮੈਡੀਕਲ ਕੋਰਸ ਕਰਨ ਲਈ ਯੂਕਰੇਨ ਗਏ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਨੂੰ ਇਸ ਸਾਲ ਫਰਵਰੀ ਵਿੱਚ ਜੰਗ ਸ਼ੁਰੂ ਹੋਣ ਤੋਂ ਬਾਅਦ ਵਾਪਸ ਭਾਰਤ ਲਿਆਂਦਾ ਗਿਆ ਸੀ। ਅੰਦਾਜ਼ਨ 18,000 ਭਾਰਤੀ ਵਿਦਿਆਰਥੀ ਯੁੱਧ ਦੌਰਾਨ ਯੂਕਰੇਨ ਵਿੱਚ ਮੈਡੀਸਿਨ ਦੀ ਪੜ੍ਹਾਈ ਕਰ ਰਹੇ ਸਨ।
ਇਨ੍ਹਾਂ ਭਾਰਤੀ ਵਿਦਿਆਰਥੀਆਂ ਨੂੰ ਯੁੱਧ ਖੇਤਰ ਤੋਂ ਵਾਪਸ ਆਉਣ ਤੋਂ ਪਹਿਲਾਂ ਕਈ ਭਿਆਨਕ ਤਜ਼ਰਬਿਆਂ ਵਿੱਚੋਂ ਗੁਜ਼ਰਨਾ ਪਿਆ। ਜੰਗ ਦੌਰਾਨ ਜਿਵੇਂ ਹੀ ਰੂਸ ਨੇ ਮਿਜ਼ਾਈਲਾਂ ਨਾਲ ਹਮਲਾ ਕਰਨਾ ਸ਼ੁਰੂ ਕੀਤਾ ਤਾਂ ਇਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਜਾਨ ਬਚਾਉਣ ਲਈ ਬੰਕਰਾਂ ਵਿੱਚ ਸ਼ਰਨ ਲੈਣੀ ਪਈ। ਇਸ ਸਾਰੀ ਕਾਰਵਾਈ ਵਿੱਚ ਕਰਨਾਟਕ ਦੇ ਇੱਕ ਵਿਦਿਆਰਥੀ ਨੇ ਆਪਣੀ ਜਾਨ ਵੀ ਗਵਾਈ। ਇਹ ਵਿਦਿਆਰਥੀ ਰੂਸੀ ਪਾਸਿਓਂ ਗੋਲੀਬਾਰੀ ਦਾ ਸ਼ਿਕਾਰ ਹੋ ਗਿਆ ਸੀ।
ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ ਹੁਣ 10 ਮਹੀਨੇ ਹੋਣ ਵਾਲੇ ਹਨ। ਕੋਈ ਨਹੀਂ ਜਾਣਦਾ ਕਿ ਇਹ ਜੰਗ ਕਦੋਂ ਰੁਕੇਗੀ ਅਤੇ ਕਦੋਂ ਹਾਲਾਤ ਆਮ ਵਾਂਗ ਹੋ ਜਾਣਗੇ। ਜੰਗੀ ਖੇਤਰ ਤੋਂ ਵਾਪਸ ਆਉਣ ਤੋਂ ਬਾਅਦ ਹੁਣ ਇਨ੍ਹਾਂ ਵਿਦਿਆਰਥੀਆਂ ਨੂੰ ਆਪਣਾ ਭਵਿੱਖ ਹਨੇਰੇ ਵਿੱਚ ਨਜ਼ਰ ਆ ਰਿਹਾ ਹੈ। ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੀ ਪੜ੍ਹਾਈ ਦਾ ਕੀ ਹੋਵੇਗਾ ਜੋ ਜੰਗ ਕਾਰਨ ਰੁਕ ਗਈ ਹੈ। ਕਈ ਵਿਦਿਆਰਥੀਆਂ ਨੇ ਵੀ ਅਧਿਕਾਰੀਆਂ ਤੋਂ ਮਦਦ ਮੰਗਣ ਲਈ ਪ੍ਰਦਰਸ਼ਨ ਵਿੱਚ ਹਿੱਸਾ ਲਿਆ।
ਕੁਲੇਬਾ ਨੇ ਆਪਣੇ ਇੰਟਰਵਿਊ ਵਿੱਚ ਰੂਸ ਤੋਂ ਸਸਤੀ ਖਰੀਦਦਾਰੀ ਦੇ ਮੁੱਦੇ ਸਮੇਤ ਕਈ ਹੋਰ ਮੁੱਦਿਆਂ ਬਾਰੇ ਗੱਲ ਕੀਤੀ। ਕੁਲੇਬਾ ਨੇ ਕਿਹਾ ਕਿ ਅੱਜ ਭਾਰਤ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਇੱਕ ਪ੍ਰਮੁੱਖ ਖਿਡਾਰੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਬਦਲਾਅ ਲਿਆ ਸਕਦੇ ਹਨ। ਅਜਿਹੇ 'ਚ ਯੂਕਰੇਨ ਹੁਣ ਉਸ ਆਧੁਨਿਕ ਵਿਦੇਸ਼ ਨੀਤੀ ਦਾ ਇੰਤਜ਼ਾਰ ਕਰ ਰਿਹਾ ਹੈ, ਜੋ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ ਨਾਂ ਦੇਵੇਗੀ।