ਇਮਰਾਨ ਖਾਨ ਨੇ ਆਪਣੀ ਮੌਤ ਦਾ ਖਦਸਾ ਜਤਾਇਆ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਫਿਰ ਤੋਂ ਖੁਦ 'ਤੇ ਹਮਲੇ ਦੀ ਸੰਭਾਵਨਾ ਜਤਾਈ ਹੈ। ਲਾਹੌਰ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਦੇ ਹੋਏ ਉਸਨੇ ਕਿਹਾ- ਮੈਨੂੰ ਮਾਰਨ ਦੀ ਤੀਜੀ ਵਾਰ ਸਾਜ਼ਿਸ਼ ਰਚੀ ਜਾ ਰਹੀ ਹੈ। ਮੇਰੇ ਖਿਲਾਫ ਚੱਲ ਰਹੇ ਸਾਰੇ ਸਿਆਸੀ ਕੇਸ ਰੱਦ ਕੀਤੇ ਜਾਣ ਤਾਂ ਜੋ ਮੈਨੂੰ ਵਾਰ-ਵਾਰ ਅਦਾਲਤ ਵਿੱਚ ਨਾ ਜਾਣਾ ਪਵੇ।
ਇਮਰਾਨ ਨੇ ਕਿਹਾ ਕਿ ਅਦਾਲਤ 'ਚ ਵਾਰ-ਵਾਰ ਆਉਣ ਕਾਰਨ ਉਸ ਦੀ ਜਾਨ ਨੂੰ ਹੋਰ ਖ਼ਤਰਾ ਹੋ ਸਕਦਾ ਹੈ। ਇਮਰਾਨ ਖਿਲਾਫ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ 'ਚ ਕਰੀਬ 121 ਮਾਮਲੇ ਚੱਲ ਰਹੇ ਹਨ। ਇਨ੍ਹਾਂ 'ਚ ਦੇਸ਼ਧ੍ਰੋਹ, ਈਸ਼ਨਿੰਦਾ, ਹਿੰਸਾ ਭੜਕਾਉਣ, ਅੱਤਵਾਦ ਫੈਲਾਉਣ ਵਰਗੇ ਕਈ ਮਾਮਲੇ ਸ਼ਾਮਲ ਹਨ। ਇਮਰਾਨ ਮੁਤਾਬਕ ਇਹ ਸਾਰੇ ਮਾਮਲੇ ਸਿਆਸਤ ਤੋਂ ਪ੍ਰੇਰਿਤ ਹਨ ਅਤੇ ਇਨ੍ਹਾਂ ਨੂੰ ਖਾਰਜ ਕੀਤਾ ਜਾਣਾ ਚਾਹੀਦਾ ਹੈ।
ਇਮਰਾਨ ਖਾਨ ਪਿੱਛਲੇ ਦਿਨੀ ਭਾਰੀ ਸੁਰੱਖਿਆ ਪ੍ਰਬੰਧਾਂ ਵਿਚਕਾਰ ਲਾਹੌਰ ਹਾਈ ਕੋਰਟ ਪਹੁੰਚੇ ਸਨ। ਇੱਥੇ ਉਸ ਨੇ ਸੁਣਵਾਈ ਦੌਰਾਨ ਜੱਜਾਂ ਤੋਂ ਬੋਲਣ ਦੀ ਇਜਾਜ਼ਤ ਮੰਗੀ। ਖਾਨ ਨੇ ਅਦਾਲਤ 'ਚ ਕਿਹਾ- ਮੇਰੇ 'ਤੇ ਪਹਿਲਾਂ ਵੀ ਪੰਜਾਬ ਦੇ ਵਜ਼ੀਰਾਬਾਦ ਅਤੇ ਇਸਲਾਮਾਬਾਦ ਜੁਡੀਸ਼ੀਅਲ ਕੰਪਲੈਕਸ (ਆਈਜੇਸੀ) 'ਤੇ ਜਾਨਲੇਵਾ ਹਮਲਾ ਹੋ ਚੁੱਕਾ ਹੈ। ਮੈਂ ਇਨ੍ਹਾਂ ਦੋਵਾਂ ਹਮਲਿਆਂ ਵਿੱਚ ਬਚ ਗਿਆ, ਇਸ ਲਈ ਇਹ ਲੋਕ ਮੈਨੂੰ ਤੀਜੀ ਵਾਰ ਮਾਰਨ ਦੀ ਸਾਜ਼ਿਸ਼ ਰਚ ਰਹੇ ਹਨ।
ਸਾਬਕਾ ਪੀਐਮ ਨੇ ਕਿਹਾ- ਸਾਲਾਂ ਤੋਂ ਮੇਰੇ 'ਤੇ ਇਕ ਵਾਰ ਵੀ ਕੇਸ ਦਰਜ ਨਹੀਂ ਹੋਇਆ, ਪਰ ਪਿਛਲੇ ਸਾਲ ਅਪ੍ਰੈਲ 'ਚ ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ਮੇਰੇ 'ਤੇ ਲਗਾਤਾਰ ਮਾਮਲੇ ਦਰਜ ਹੋ ਰਹੇ ਹਨ। 'ਡਾਨ' ਮੁਤਾਬਕ ਪੰਜ ਜੱਜਾਂ ਦੀ ਬੈਂਚ ਨੇ ਖਾਨ ਨੂੰ ਸਾਰੇ ਮਾਮਲਿਆਂ 'ਚ ਪੁਲਿਸ ਜਾਂਚ 'ਚ ਸਹਿਯੋਗ ਕਰਨ ਦਾ ਹੁਕਮ ਦਿੱਤਾ ਹੈ। ਇਸ ਤੋਂ ਪਹਿਲਾਂ ਇੱਕ ਵੀਡੀਓ ਰਾਹੀਂ ਇਮਰਾਨ ਨੇ ਦੱਸਿਆ ਸੀ ਕਿ 6 ਲੋਕ ਉਸਨੂੰ ਮਾਰਨ ਦੀ ਸਾਜ਼ਿਸ਼ ਰਚ ਰਹੇ ਹਨ।
ਖਾਨ ਨੇ ਕਿਹਾ- ਗ੍ਰਹਿ ਮੰਤਰੀ ਕਹਿੰਦੇ ਹਨ ਕਿ ਮੇਰੇ 'ਤੇ ਵਿਦੇਸ਼ੀ ਬਲਾਂ ਨੇ ਹਮਲਾ ਕੀਤਾ ਸੀ। ਅਜਿਹਾ ਕੁਝ ਨਹੀਂ ਹੈ, ਇਸ ਦੇਸ਼ ਵਿੱਚ ਸਿਰਫ਼ 3 ਲੋਕ ਹੀ ਮੈਨੂੰ ਮਾਰਨਾ ਚਾਹੁੰਦੇ ਹਨ। ਮੈਂ ਇਨ੍ਹਾਂ ਵਿਚੋਂ 3 ਦੇ ਖਿਲਾਫ ਐਫਆਈਆਰ ਦਰਜ ਕਰਵਾਈ ਹੈ ਅਤੇ ਮੈਂ 18 ਮਾਰਚ ਨੂੰ ਆਈਜੇਸੀ ਹਮਲੇ ਤੋਂ ਬਾਅਦ ਵੀਡੀਓ ਜਾਰੀ ਕਰਕੇ ਬਾਕੀ 3 ਲੋਕਾਂ ਬਾਰੇ ਜਾਣਕਾਰੀ ਦਿੱਤੀ ਸੀ। ਜੇਕਰ ਬਾਅਦ ਵਿਚ ਮੈਨੂੰ ਕੁਝ ਹੋਇਆ ਤਾਂ ਉਸ ਲਈ ਇਹ ਲੋਕ ਜ਼ਿੰਮੇਵਾਰ ਹੋਣਗੇ।