ਪੈਗੰਬਰ 'ਤੇ ਟਿੱਪਣੀ ਵਿਵਾਦ ਨੂੰ ਲੈਕੇ ਹੁਣ ਇਮਰਾਨ ਖਾਨ ਨੇ ਵੀ ਭਾਰਤ ਖਿਲਾਫ ਮੋਰਚਾ ਖੋਲ ਦਿਤਾ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਵੀ ਭਾਜਪਾ ਦੀ ਮੁਅੱਤਲ ਬੁਲਾਰੇ ਨੂਪੁਰ ਸ਼ਰਮਾ ਵੱਲੋਂ ਪੈਗੰਬਰ ਮੁਹੰਮਦ ਖਿਲਾਫ ਕੀਤੀ ਗਈ ਟਿੱਪਣੀ ਨੂੰ ਲੈ ਕੇ ਵਿਵਾਦਾਂ 'ਚ ਕੁੱਦ ਗਏ ਹਨ। ਇਸ ਟਿੱਪਣੀ ਦੀ ਨਿੰਦਾ ਕਰਦੇ ਹੋਏ ਇਮਰਾਨ ਖਾਨ ਨੇ ਪਾਕਿਸਤਾਨ ਸਰਕਾਰ ਨੂੰ ਭਾਰਤ ਨਾਲ ਸਬੰਧ ਤੋੜਨ, ਉਤਪਾਦ 'ਤੇ ਪਾਬੰਦੀ ਲਗਾਉਣ ਅਤੇ ਸਖਤ ਰੁਖ ਅਪਣਾਉਣ ਲਈ ਕਿਹਾ ਹੈ।
ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਪ੍ਰਧਾਨ ਇਮਰਾਨ ਖ਼ਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਅਰਬ ਦੇਸ਼ਾਂ ਦੀ ਪੈਰਵੀ ਕਰਨੀ ਚਾਹੀਦੀ ਹੈ ਅਤੇ ਨਰਿੰਦਰ ਮੋਦੀ ਸਰਕਾਰ ਖ਼ਿਲਾਫ਼ ਸਖ਼ਤ ਸਟੈਂਡ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ, 'ਸਰਕਾਰ ਨੂੰ ਭਾਰਤ ਨਾਲੋਂ ਨਾਤਾ ਤੋੜ ਲੈਣਾ ਚਾਹੀਦਾ ਹੈ। ਭਾਰਤੀ ਉਤਪਾਦਾਂ ਦਾ ਬਾਈਕਾਟ ਵੀ ਕਰਨਾ ਚਾਹੀਦਾ ਹੈ।
ਇਮਰਾਨ ਖਾਨ ਨੇ ਪੈਗੰਬਰ ਮੁਹੰਮਦ 'ਤੇ "ਭਾਜਪਾ ਦੇ ਬੁਲਾਰੇ ਨੂਪੁਰ ਸ਼ਰਮਾ ਦੁਆਰਾ ਨਫ਼ਰਤ ਭਰੇ ਹਮਲੇ" ਦੀ ਸਖ਼ਤ ਨਿੰਦਾ ਕੀਤੀ ਅਤੇ ਮੋਦੀ ਸਰਕਾਰ 'ਤੇ ਦੋਸ਼ ਲਗਾਇਆ ਕਿ "ਭਾਰਤ ਵਿੱਚ ਮੁਸਲਮਾਨਾਂ ਪ੍ਰਤੀ ਜਾਣਬੁੱਝ ਕੇ ਭੜਕਾਹਟ ਅਤੇ ਨਫ਼ਰਤ ਦੀ ਨੀਤੀ ਦਾ ਪਾਲਣ ਕੀਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਵਿਰੁੱਧ ਹਿੰਸਾ ਭੜਕਾਉਣਾ" ਵੀ ਸ਼ਾਮਲ ਸੀ।
ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਪੈਗੰਬਰ ਮੁਹੰਮਦ ਖਿਲਾਫ ਟਿੱਪਣੀ ਦੀ ਨਿੰਦਾ ਕੀਤੀ। 5 ਅਗਸਤ, 2019 ਨੂੰ ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਰੱਦ ਕਰਨ ਲਈ ਸੰਵਿਧਾਨ ਦੀ ਧਾਰਾ 370 ਦੇ ਉਪਬੰਧਾਂ ਨੂੰ ਰੱਦ ਕਰਨ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਵਿੱਚ ਦਰਾਰ ਹੋਰ ਡੂੰਘੀ ਹੋ ਗਈ। ਭਾਰਤ ਦੇ ਇਸ ਫੈਸਲੇ ਨੂੰ ਪਾਕਿਸਤਾਨ ਤੋਂ ਸਖ਼ਤ ਪ੍ਰਤੀਕਿਰਿਆ ਮਿਲੀ, ਜਿਸ ਨਾਲ ਕੂਟਨੀਤਕ ਸਬੰਧਾਂ ਦਾ ਪੱਧਰ ਘਟ ਗਿਆ ਅਤੇ ਭਾਰਤੀ ਰਾਜਦੂਤ ਨੂੰ ਕੱਢ ਦਿੱਤਾ ਗਿਆ।
ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਵਿਵਾਦਤ ਬਿਆਨ 'ਤੇ ਕਿਹਾ ਕਿ ਅਜਿਹੇ ਅਪਮਾਨਜਨਕ ਅਤੇ ਨਿੰਦਣਯੋਗ ਬਿਆਨਾਂ ਨਾਲ ਦੁਨੀਆ ਭਰ ਦੇ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਇਹ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਫਾਸ਼ੀਵਾਦੀ ਦੇਸ਼ ਬਣ ਚੁੱਕਾ ਹੈ। ਹੁਣ ਇਹ ਧਰਮ ਨਿਰਪੱਖ ਭਾਰਤ ਨਹੀਂ ਹੈ, ਇਸ ਵਿੱਚ ਹਿੰਦੂਤਵ ਦੀ ਵਿਚਾਰਧਾਰਾ ਦਾ ਦਬਦਬਾ ਹੈ। ਭੁੱਟੋ ਨੇ ਕਿਹਾ ਕਿ ਪਾਕਿਸਤਾਨ ਭਾਰਤ ਨਾਲ ਸ਼ਾਂਤੀ ਚਾਹੁੰਦਾ ਹੈ, ਪਰ ਇਸ ਲਈ ਦੂਜੇ ਪੱਖ ਦੀ ਸੋਚ ਤਰਕਸੰਗਤ ਹੋਣੀ ਚਾਹੀਦੀ ਹੈ।
ਜਿਕਰਯੋਗ ਹੈ ਕਿ ਭਾਜਪਾ ਦੀ ਸਾਬਕਾ ਬੁਲਾਰੇ ਨੂਪੁਰ ਸ਼ਰਮਾ ਦੇ ਵਿਵਾਦਿਤ ਬਿਆਨ ਦਾ ਮਾਮਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅਰਬ ਅਤੇ ਇਸਲਾਮਿਕ ਦੇਸ਼ਾਂ ਵੱਲੋਂ ਇਸ ਦੀ ਲਗਾਤਾਰ ਨਿੰਦਾ ਕੀਤੀ ਜਾ ਰਹੀ ਹੈ।