ਭਾਰਤੀਆਂ ਨੂੰ ਅਮਰੀਕਾ ਦਾ ਵੀਜ਼ਾ ਮਿਲਣਾ ਬੇਹੱਦ ਮੁਸ਼ਕਿਲ ਹੋ ਗਿਆ ਹੈ। ਦਿੱਲੀ ਵਿੱਚ ਵਿਜ਼ਟਰ ਵੀਜ਼ੇ ਦੀ ਉਡੀਕ ਸਮਾਂ 833 ਦਿਨ ਅਤੇ ਮੁੰਬਈ ਵਿੱਚ 848 ਦਿਨ ਹੈ। ਹੈਰਾਨੀ ਦੀ ਗੱਲ ਹੈ ਕਿ ਚੀਨ 'ਚ ਵਿਜ਼ਟਰ ਵੀਜ਼ੇ ਦਾ ਵੇਟਿੰਗ ਸਮਾਂ 2 ਦਿਨ ਦਾ ਹੈ।
ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਕੋਲ ਇਹ ਮੁੱਦਾ ਉਠਾਇਆ ਹੈ। ਜੈਸ਼ੰਕਰ 10 ਦਿਨਾਂ ਦੇ ਅਮਰੀਕਾ ਦੌਰੇ 'ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਵੀਜ਼ਾ ਬਾਰੇ ਚਰਚਾ ਕੀਤੀ ਗਈ। ਬਲਿੰਕੇਨ ਨੇ ਮੰਨਿਆ ਕਿ ਵੀਜ਼ਾ ਮੁੱਦਾ ਗੰਭੀਰ ਸੀ। ਦੁਨੀਆ 'ਚ ਅਜਿਹੇ ਮਾਮਲੇ ਵਧਦੇ ਜਾ ਰਹੇ ਹਨ।
ਬਲਿੰਕੇਨ ਨੇ ਦੱਸਿਆ ਕਿ ਦੇਰੀ ਦਾ ਮੁੱਖ ਕਾਰਨ ਕੋਵਿਡ 19 ਹੈ। ਕੁਝ ਮਹੀਨਿਆਂ ਵਿੱਚ ਹਾਲਾਤ ਠੀਕ ਹੋ ਜਾਣਗੇ। ਅਮਰੀਕਾ ਚੀਨ ਦੇ ਲੋਕਾਂ ਨੂੰ ਸਿਰਫ਼ ਦੋ ਦਿਨਾਂ ਦੀ ਵੇਟਿੰਗ ਦੇ ਰਿਹਾ ਹੈ। ਇੱਥੋਂ ਤੱਕ ਕਿ ਇਸਲਾਮਾਬਾਦ, ਪਾਕਿਸਤਾਨ ਵਿੱਚ, ਉਡੀਕ ਸਮਾਂ ਭਾਰਤ ਨਾਲੋਂ ਅੱਧਾ ਹੈ। ਉਥੇ 450 ਦਿਨਾਂ ਵਿੱਚ ਅਪੋਇਮੈਂਟ ਮਿਲ ਰਹੀ ਹੈ। ਇਹ ਅੰਕੜਾ ਅਮਰੀਕੀ ਵਿਦੇਸ਼ ਵਿਭਾਗ ਦੀ ਵੈੱਬਸਾਈਟ ਤੋਂ ਸਾਹਮਣੇ ਆਇਆ ਹੈ।
ਭਾਰਤੀਆਂ ਨੂੰ ਵਿਜ਼ਟਰ ਵੀਜ਼ਾ ਲੈਣ ਵਿੱਚ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸਦੇ ਬਾਅਦ ਤੋਂ ਭਾਰਤੀ ਵਿਦੇਸ਼ ਵਿਭਾਗ ਦੀ ਚਿੰਤਾ ਵੱਧ ਗਈ ਹੈ । ਭਾਰਤੀਆਂ ਨੂੰ ਅਮਰੀਕਾ ਦੇ ਵਿਦਿਆਰਥੀ ਵੀਜ਼ੇ ਲਈ ਵੀ ਇੰਤਜ਼ਾਰ ਕਰਨਾ ਪਵੇਗਾ। ਮੁੰਬਈ ਅਤੇ ਦਿੱਲੀ ਵਿੱਚ ਵਿਦਿਆਰਥੀ ਵੀਜ਼ਾ ਲਈ ਉਡੀਕ ਸਮਾਂ 430 ਦਿਨ ਹੈ। ਹੈਰਾਨੀ ਦੀ ਗੱਲ ਹੈ ਕਿ ਇਸਲਾਮਾਬਾਦ ਵਿੱਚ 1 ਦਿਨ ਅਤੇ ਬੀਜਿੰਗ ਵਿੱਚ 2 ਦਿਨਾਂ ਵਿੱਚ ਵਿਦਿਆਰਥੀ ਵੀਜ਼ਾ ਅਪਾਇੰਟਮੈਂਟ ਉਪਲਬਧ ਹਨ।
ਅਮਰੀਕਾ ਨੇ ਇਸ ਸਾਲ 82,000 ਤੋਂ ਵੱਧ ਵਿਦਿਆਰਥੀ ਵੀਜ਼ੇ ਦਿੱਤੇ ਹਨ। ਇਹ ਕਿਸੇ ਵੀ ਸਾਲ ਦੇ ਮੁਕਾਬਲੇ ਸਭ ਤੋਂ ਵੱਧ ਹੈ। ਖਾਸ ਗੱਲ ਇਹ ਹੈ, ਕਿ ਭਾਰਤੀਆਂ ਨੂੰ ਸਭ ਤੋਂ ਵੱਧ ਵਿਦਿਆਰਥੀ ਵੀਜ਼ੇ ਮਿਲੇ ਹਨ। ਅਮਰੀਕਾ ਦੇ ਲਗਭਗ 20% ਅੰਤਰਰਾਸ਼ਟਰੀ ਵਿਦਿਆਰਥੀ ਭਾਰਤੀ ਹਨ। ਸੂਤਰਾਂ ਨੇ ਕਿਹਾ ਕਿ ਮਹਾਂਮਾਰੀ ਦੌਰਾਨ ਘੱਟ ਅਰਜ਼ੀਆਂ ਦੇ ਕਾਰਨ ਵੀਜ਼ਾ ਪ੍ਰਕਿਰਿਆ ਨੂੰ ਸੰਭਾਲਣ ਵਾਲੇ ਸਟਾਫ ਵਿੱਚ ਕਮੀ ਕਾਰਨ ਬੈਕਲਾਗ ਹੈ। ਉਨ੍ਹਾਂ ਦੱਸਿਆ ਕਿ ਕੋਵਿਡ ਤੋਂ ਬਾਅਦ ਦੀ ਮਿਆਦ ਦੌਰਾਨ ਵਿਦਿਆਰਥੀ ਅਤੇ ਟੂਰਿਸਟ ਵੀਜ਼ਾ ਦੋਵਾਂ ਲਈ ਅਰਜ਼ੀਆਂ ਵਿੱਚ ਵਾਧਾ ਬੈਕਲਾਗ ਦਾ ਕਾਰਨ ਬਣਿਆ, ਕਿਉਂਕਿ ਉਨ੍ਹਾਂ ਕੋਲ ਲੋੜੀਂਦਾ ਸਟਾਫ਼ ਨਹੀਂ ਸੀ।