
ਮੁਸਲਮਾਨ ਹੱਜ ਯਾਤਰਾ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਹੱਜ ਯਾਤਰਾ ਹਰ ਮੁਸਲਮਾਨ ਲਈ ਇਕ ਸੁਪਨਾ ਹੁੰਦੀ ਹੈ। ਇਸ ਸਾਲ ਦੀ ਹੱਜ ਯਾਤਰਾ ਵਿੱਚ 20 ਲੱਖ ਸ਼ਰਧਾਲੂਆਂ ਦੀ ਸੰਖਿਆ ਦੇ ਨਾਲ ਕੋਵਿਡ ਤੋਂ ਪਹਿਲਾਂ ਦੇ ਰੂਪ ਵਿੱਚ ਵਾਪਸੀ ਦੇਖਣ ਨੂੰ ਮਿਲੇਗੀ।
ਸਾਊਦੀ ਅਰਬ ਇਸ ਸਾਲ ਹੱਜ ਸੀਜ਼ਨ ਦੌਰਾਨ 41,300 ਅਲਜੀਰੀਆ ਦੇ ਸ਼ਰਧਾਲੂਆਂ ਸਮੇਤ 20 ਲੱਖ ਸ਼ਰਧਾਲੂਆਂ ਦਾ ਸਵਾਗਤ ਕਰਨ ਲਈ ਤਿਆਰ ਹੈ। ਸਾਊਦੀ ਅਰਬ ਦੇ ਹੱਜ ਅਤੇ ਉਮਰਾਹ ਮੰਤਰੀ ਡਾਕਟਰ ਤੌਫੀਕ ਬਿਨ ਫਾਵਜ਼ਾਨ ਅਲ-ਰਬਿਆਹ ਨੇ ਪ੍ਰੈਸ ਕਾਨਫਰੰਸ ਵਿੱਚ ਇਹ ਜਾਣਕਾਰੀ ਦਿੱਤੀ।
ਸਾਊਦੀ ਪ੍ਰੈਸ ਏਜੰਸੀ ਦੇ ਅਨੁਸਾਰ, ਅਲ-ਰਬੀਆ ਨੇ ਪਵਿੱਤਰ ਸਥਾਨਾਂ 'ਤੇ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਦੇਸ਼ ਦੇ ਵਿਕਾਸ ਪ੍ਰੋਜੈਕਟਾਂ ਅਤੇ ਬੁਨਿਆਦੀ ਢਾਂਚੇ ਦੀ ਵਰਤੋਂ ਕਰਨ 'ਤੇ ਵੀ ਧਿਆਨ ਦਿੱਤਾ। ਕੋਰੋਨਾ ਕਾਲ ਤੋਂ ਬਾਅਦ ਫਿਰ ਤੋਂ ਸ਼ੁਰੂ ਹੋਈ ਹਜ ਯਾਤਰਾ ਦਾ ਸਰੂਪ ਕਾਫੀ ਬਦਲ ਗਿਆ ਹੈ। ਹੁਣ ਇਸ ਵਿੱਚ ਕਈ ਨਵੇਂ ਫੀਚਰਸ ਵੀ ਸ਼ਾਮਿਲ ਕੀਤੇ ਗਏ ਹਨ।
ਖਲੀਜ ਟਾਈਮਜ਼ ਦੀ ਖਬਰ ਮੁਤਾਬਕ ਇਸ 'ਚ ਹਰਾਮੈਨ ਐਕਸਪ੍ਰੈਸ ਟਰੇਨ ਵੀ ਸ਼ਾਮਲ ਹੈ, ਜੋ ਮੱਕਾ ਅਤੇ ਮਦੀਨਾ ਨੂੰ ਦੋ ਘੰਟੇ ਦੇ ਸਫਰ ਰਾਹੀਂ ਜੋੜਦੀ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਸਾਊਦੀ ਅਰਬ ਨੇ ਐਲਾਨ ਕੀਤਾ ਸੀ ਕਿ ਤਿੰਨ ਸਾਲ ਦੀਆਂ ਪਾਬੰਦੀਆਂ ਤੋਂ ਬਾਅਦ ਇਸ ਸਾਲ ਹੱਜ ਯਾਤਰੀਆਂ ਦੀ ਗਿਣਤੀ 'ਤੇ ਕੋਈ ਸੀਮਾ ਨਹੀਂ ਹੋਵੇਗੀ। ਇਸਲਾਮ ਵਿੱਚ ਹੱਜ ਯਾਤਰਾ ਦਾ ਬਹੁਤ ਮਹੱਤਵ ਹੈ।
ਹੱਜ ਕਰਨਾ ਇਸਲਾਮ ਦੇ ਪੰਜ ਥੰਮ੍ਹਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜੋ ਸਾਰੇ ਯੋਗ ਮੁਸਲਮਾਨਾਂ ਨੂੰ ਘੱਟੋ ਘੱਟ ਇੱਕ ਵਾਰ ਕਰਨਾ ਚਾਹੀਦਾ ਹੈ। ਇਸ ਸਾਲ ਹੱਜ ਯਾਤਰਾ ਜੂਨ 'ਚ ਸ਼ੁਰੂ ਹੋਵੇਗੀ। ਸਾਊਦੀ ਸਰਕਾਰ ਦੇ ਨਵੇਂ ਨਿਯਮਾਂ ਮੁਤਾਬਕ ਹੁਣ ਔਰਤਾਂ ਨੂੰ ਹੱਜ ਕਰਨ ਲਈ ਮਰਦ ਸਾਥੀ 'ਮਹਿਰਾਮ' ਦੀ ਲੋੜ ਨਹੀਂ ਪਵੇਗੀ। 2019 'ਚ ਕਰੀਬ 25 ਲੱਖ ਲੋਕਾਂ ਨੇ ਹੱਜ ਯਾਤਰਾ 'ਚ ਹਿੱਸਾ ਲਿਆ ਸੀ, ਪਰ ਇਸ ਤੋਂ ਬਾਅਦ ਆਏ ਕੋਰੋਨਾ ਵਾਇਰਸ ਨੇ ਹੱਜ ਯਾਤਰਾ 'ਤੇ ਵੀ ਅਸਰ ਪਾਇਆ ਸੀ।
ਕੋਵਿਡ ਮਹਾਮਾਰੀ ਕਾਰਨ ਹੱਜ ਯਾਤਰੀਆਂ ਦੀ ਗਿਣਤੀ ਵਿੱਚ ਭਾਰੀ ਕਮੀ ਆਈ ਹੈ। 2022 ਵਿੱਚ, ਲਗਭਗ 9 ਲੱਖ ਹੱਜ ਯਾਤਰੀ ਮੱਕਾ ਅਤੇ ਮਦੀਨਾ ਪਹੁੰਚੇ ਸਨ, ਜਿਨ੍ਹਾਂ ਵਿੱਚ 7,80,000 ਵਿਦੇਸ਼ੀ ਸ਼ਾਮਲ ਸਨ। ਪਿਛਲੇ ਸਾਲ ਅਕਤੂਬਰ 'ਚ ਸਾਊਦੀ ਮੰਤਰੀ ਨੇ ਐਲਾਨ ਕੀਤਾ ਸੀ, ਕਿ ਉਮਰਾਹ ਵੀਜ਼ਾ ਦੀ ਮਿਆਦ ਇਕ ਮਹੀਨੇ ਤੋਂ ਵਧਾ ਕੇ ਤਿੰਨ ਮਹੀਨੇ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਸੀ ਕਿ ਇਹ ਹਰ ਦੇਸ਼ ਦੇ ਹੱਜ ਯਾਤਰੀਆਂ 'ਤੇ ਲਾਗੂ ਹੋਵੇਗਾ। ਇਸ ਵਾਰ ਭਾਰਤੀ ਹੱਜ ਯਾਤਰੀ ਵੀ ਸਾਊਦੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਲੈ ਸਕਣਗੇ।