ਸਮੁੰਦਰ 'ਚ ਡੁੱਬ ਜਾਵੇਗੀ ਇੰਡੋਨੇਸ਼ੀਆ ਦੀ ਰਾਜਧਾਨੀ, ਰਾਸ਼ਟਰਪਤੀ ਪਰੇਸ਼ਾਨ

ਭੂਚਾਲ ਪ੍ਰਭਾਵਿਤ ਸ਼ਹਿਰ ਜਕਾਰਤਾ ਜਾਵਾ ਸਾਗਰ ਵਿੱਚ ਡੁੱਬ ਰਿਹਾ ਹੈ। ਇਸ ਕਾਰਨ ਜਕਾਰਤਾ ਨੂੰ ਛੱਡ ਕੇ ਬੋਰਨੀਓ ਟਾਪੂ 'ਤੇ ਨਵੀਂ ਰਾਜਧਾਨੀ ਬਣਾਈ ਜਾ ਰਹੀ ਹੈ।
ਸਮੁੰਦਰ 'ਚ ਡੁੱਬ ਜਾਵੇਗੀ ਇੰਡੋਨੇਸ਼ੀਆ ਦੀ ਰਾਜਧਾਨੀ, ਰਾਸ਼ਟਰਪਤੀ ਪਰੇਸ਼ਾਨ

ਇੰਡੋਨੇਸ਼ੀਆ ਲਈ ਇਕ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੁਨੀਆ ਦੇ ਕੁਝ ਸ਼ਹਿਰ ਅਜਿਹੇ ਹਨ, ਜੋ ਡੁੱਬਣ ਦੀ ਕਗਾਰ 'ਤੇ ਹਨ। ਇਨ੍ਹਾਂ ਵਿੱਚੋਂ ਇੱਕ ਹੈ ਜਕਾਰਤਾ ਸ਼ਹਿਰ, ਜੋ ਕਿ ਇੰਡੋਨੇਸ਼ੀਆ ਦੀ ਰਾਜਧਾਨੀ ਹੈ । ਇਹ ਤੇਜ਼ੀ ਨਾਲ ਸਮੁੰਦਰ ਵਿੱਚ ਡੁੱਬ ਰਿਹਾ ਹੈ, ਜਿਸ ਕਾਰਨ ਇਹ ਹੁਣ ਇੰਡੋਨੇਸ਼ੀਆ ਦੀ ਰਾਜਧਾਨੀ ਨਹੀਂ ਰਹੇਗੀ।

ਭੂਚਾਲ ਪ੍ਰਭਾਵਿਤ ਸ਼ਹਿਰ ਜਕਾਰਤਾ ਜਾਵਾ ਸਾਗਰ ਵਿੱਚ ਡੁੱਬ ਰਿਹਾ ਹੈ। ਇਸ ਕਾਰਨ ਜਕਾਰਤਾ ਨੂੰ ਛੱਡ ਕੇ ਬੋਰਨੀਓ ਟਾਪੂ 'ਤੇ ਨਵੀਂ ਰਾਜਧਾਨੀ ਬਣਾਈ ਜਾ ਰਹੀ ਹੈ। ਇਹ ਨਵੀਂ ਰਾਜਧਾਨੀ ਬੋਰਨੀਓ ਦੇ ਪੂਰਬੀ ਕਾਲੀਮੰਤਨ ਸੂਬੇ ਵਿਚ 256,000 ਹੈਕਟੇਅਰ ਜ਼ਮੀਨ 'ਤੇ ਸਥਾਪਿਤ ਕੀਤੀ ਜਾ ਰਹੀ ਹੈ।

ਜਕਾਰਤਾ ਦੀਆਂ ਇਨ੍ਹਾਂ ਸਮੱਸਿਆਵਾਂ ਦੇ ਮੱਦੇਨਜ਼ਰ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਦੇਸ਼ ਦੀ ਨਵੀਂ ਰਾਜਧਾਨੀ ਬਣਾਉਣ ਦੀ ਕਲਪਨਾ ਕੀਤੀ ਸੀ, ਜੋ ਹੁਣ ਸਾਕਾਰ ਹੋ ਰਹੀ ਹੈ। ਉਨ੍ਹਾਂ ਨੇ ਘੱਟ ਆਬਾਦੀ ਦੇ ਨਾਲ ਇੱਕ ਟਿਕਾਊ ਰਾਜਧਾਨੀ ਬਣਾਉਣ ਦੀ ਇਜਾਜ਼ਤ ਦਿੱਤੀ ਹੈ। ਇੰਡੋਨੇਸ਼ੀਆਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵੀਂ ਰਾਜਧਾਨੀ ਇਕ 'ਟਿਕਾਊ ਫਾਰੈਸਟ ਸਿਟੀ' ਹੋਵੇਗੀ, ਜਿੱਥੇ ਵਿਕਾਸ ਲਈ ਵਾਤਾਵਰਣ ਦੀ ਰੱਖਿਆ ਪਹਿਲੀ ਤਰਜੀਹ ਹੋਵੇਗੀ। ਨਵੀਂ ਰਾਜਧਾਨੀ ਨੂੰ 2045 ਤੱਕ ਕਾਰਬਨ-ਨਿਰਪੱਖ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ।

ਜਕਾਰਤਾ ਨੂੰ ਛੱਡ ਕੇ ਬੋਰਨੀਓ ਵਿੱਚ ਨਵੀਂ ਰਾਜਧਾਨੀ ਸਥਾਪਤ ਕੀਤੀ ਜਾ ਰਹੀ ਹੈ। ਇਹ ਅਸਲ ਵਿੱਚ ਇੱਕ ਜੰਗਲੀ ਖੇਤਰ ਹੈ। ਵੱਖ-ਵੱਖ ਕਿਸਮਾਂ ਦੇ ਜੰਗਲੀ ਜਾਨਵਰ ਅਤੇ ਆਦਿਵਾਸੀ ਪ੍ਰਜਾਤੀਆਂ ਇੱਥੇ ਰਹਿੰਦੀਆਂ ਹਨ। ਅਜਿਹੀ ਥਾਂ 'ਤੇ ਰਾਜਧਾਨੀ ਸਥਾਪਤ ਕਰਨ ਨੂੰ ਲੈ ਕੇ ਵੀ ਵਿਵਾਦ ਖੜ੍ਹਾ ਹੋ ਗਿਆ ਹੈ। ਵਾਤਾਵਰਣ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ, ਕਿ ਰਾਜਧਾਨੀ ਵੱਡੇ ਪੱਧਰ 'ਤੇ ਜੰਗਲਾਂ ਦੀ ਕਟਾਈ ਵੱਲ ਅਗਵਾਈ ਕਰੇਗੀ, ਓਰੈਂਗੁਟਾਨ ਵਰਗੀਆਂ ਖ਼ਤਰੇ ਵਾਲੀਆਂ ਕਿਸਮਾਂ ਦੇ ਨਿਵਾਸ ਸਥਾਨਾਂ ਨੂੰ ਖ਼ਤਰਾ ਪੈਦਾ ਕਰੇਗੀ ਅਤੇ ਕਬਾਇਲੀ ਨਿਵਾਸਾਂ ਨੂੰ ਖੋਹ ਲਵੇਗੀ।

ਇਸ ਸਮੇਂ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ ਲਗਭਗ ਇੱਕ ਕਰੋੜ ਲੋਕ ਰਹਿੰਦੇ ਹਨ। ਇਸਨੂੰ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਡੁੱਬਣ ਵਾਲਾ ਸ਼ਹਿਰ ਦੱਸਿਆ ਗਿਆ ਹੈ। ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ, ਕਿ 2050 ਤੱਕ ਸ਼ਹਿਰ ਦਾ ਇੱਕ ਤਿਹਾਈ ਹਿੱਸਾ ਪਾਣੀ ਵਿੱਚ ਡੁੱਬ ਸਕਦਾ ਹੈ। ਇਸ ਦਾ ਮੁੱਖ ਕਾਰਨ ਧਰਤੀ ਹੇਠਲੇ ਪਾਣੀ ਦੀ ਜ਼ਿਆਦਾ ਨਿਕਾਸੀ ਨੂੰ ਦੱਸਿਆ ਜਾਂਦਾ ਹੈ। ਜਲਵਾਯੂ ਤਬਦੀਲੀ ਕਾਰਨ ਜਾਵਾ ਸਾਗਰ ਦੇ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਇਸ ਕਾਰਨ ਰਾਜਧਾਨੀ ਨੂੰ ਇਸ ਵਿੱਚ ਮਿਲਾ ਦਿੱਤਾ ਜਾ ਰਿਹਾ ਹੈ।

Related Stories

No stories found.
logo
Punjab Today
www.punjabtoday.com