ਮੇਰੀ ਮੌਤ 'ਤੇ ਕੁਰਾਨ ਨਾ ਪੜਨਾ, ਹਿਜਾਬ ਵਿਰੋਧੀ ਦਾ ਫਾਂਸੀ ਤੋਂ ਪਹਿਲਾ ਸੰਦੇਸ਼

ਮਜੀਦਰੇਜਾ ਨੇ ਕੈਮਰੇ ਦੇ ਸਾਹਮਣੇ ਕਿਹਾ ਮੈਂ ਨਹੀਂ ਚਾਹੁੰਦਾ ਕਿ ਕੋਈ ਮੇਰੀ ਮੌਤ 'ਤੇ ਦੁਖੀ ਹੋਵੇ। ਮਜੀਦਰੇਜਾ ਨੇ ਕਿਹਾ ਕਿ ਹਰ ਕੋਈ ਮੇਰੀ ਮੌਤ ਦਾ ਜਸ਼ਨ ਮਨਾਵੇ, ਗੀਤ ਚਲਾਵੇ, ਖੁਸ਼ ਰਹੇ।
ਮੇਰੀ ਮੌਤ 'ਤੇ ਕੁਰਾਨ ਨਾ ਪੜਨਾ, ਹਿਜਾਬ ਵਿਰੋਧੀ ਦਾ ਫਾਂਸੀ ਤੋਂ ਪਹਿਲਾ ਸੰਦੇਸ਼

ਈਰਾਨ 'ਚ ਹਿਜਾਬ ਦਾ ਵਿਰੋਧ ਕਰਨ ਵਾਲਿਆਂ ਦੇ ਖਿਲ਼ਾਫ ਸਰਕਾਰ ਨੇ ਸਖਤੀ ਕਰਨੀ ਸ਼ੁਰੂ ਕਰ ਦਿਤੀ ਹੈ। ਈਰਾਨ 'ਚ ਹਿਜਾਬ ਦਾ ਵਿਰੋਧ ਕਰਨ ਵਾਲੇ 23 ਸਾਲਾ ਲੜਕੇ ਨੂੰ ਜਨਤਕ ਤੌਰ 'ਤੇ ਫਾਂਸੀ ਦੇ ਦਿੱਤੀ ਗਈ। ਮਾਮਲਾ 12 ਦਸੰਬਰ ਦਾ ਹੈ, ਪਰ ਹੁਣ ਇਸ ਨਾਲ ਜੁੜਿਆ ਇੱਕ ਵੀਡੀਓ ਸਾਹਮਣੇ ਆਇਆ ਹੈ।

ਵੀਡੀਓ ਮੁੰਡੇ ਨੂੰ ਫਾਂਸੀ ਦਿੱਤੇ ਜਾਣ ਤੋਂ ਪਹਿਲਾਂ ਦੀ ਹੈ। ਇਸ ਵਿੱਚ ਉਹ ਲੋਕਾਂ ਨੂੰ ਕੁਰਾਨ ਨਾ ਪੜ੍ਹਨ ਅਤੇ ਉਸਦੀ ਮੌਤ ਦਾ ਜਸ਼ਨ ਨਾ ਮਨਾਉਣ ਲਈ ਕਹਿ ਰਿਹਾ ਹੈ। ਇਸ ਵੀਡੀਓ ਨੂੰ ਮਜੀਦਰੇਜਾ ਰਹਿਨਵਰਡ ਆਪਣੀ ਆਖਰੀ ਇੱਛਾ ਦੇ ਤੌਰ 'ਤੇ ਦੱਸ ਰਿਹਾ ਹੈ। ਇਸ ਵੀਡੀਓ 'ਚ ਉਸ ਨੇ ਅੱਖਾਂ 'ਤੇ ਪੱਟੀ ਬੰਨ੍ਹੀ ਹੋਈ ਹੈ। ਉਸ ਦੇ ਨੇੜੇ ਮਾਸਕ ਪਹਿਨੇ ਦੋ ਗਾਰਡ ਵੀ ਖੜ੍ਹੇ ਹਨ।

ਮਜੀਦਰੇਜਾ ਨੇ ਕੈਮਰੇ ਦੇ ਸਾਹਮਣੇ ਕਿਹਾ ਮੈਂ ਨਹੀਂ ਚਾਹੁੰਦਾ ਕਿ ਕੋਈ ਮੇਰੀ ਮੌਤ 'ਤੇ ਦੁਖੀ ਹੋਵੇ। ਕਿਸੇ ਨੂੰ ਕਿਸੇ ਕਿਸਮ ਦੀ ਅਰਦਾਸ ਨਹੀਂ ਕਰਨੀ ਚਾਹੀਦੀ। ਹਰ ਕੋਈ ਮੇਰੀ ਮੌਤ ਦਾ ਜਸ਼ਨ ਮਨਾਵੇ, ਗੀਤ ਚਲਾਵੇ, ਖੁਸ਼ ਰਹੇ।

ਬੈਲਜੀਅਮ ਦੀ ਸੰਸਦ ਦੇ ਇੱਕ ਮੈਂਬਰ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ। ਉਸਨੇ ਮਜੀਦਰੇਜਾ ਦੀ ਮੌਤ ਲਈ ਸ਼ਰੀਆ ਕਾਨੂੰਨ ਨੂੰ ਜ਼ਿੰਮੇਵਾਰ ਠਹਿਰਾਇਆ। ਉਸਨੇ ਲਿਖਿਆ- ਉਸਦੇ ਆਖਰੀ ਸ਼ਬਦ ਸਨ- ਕੁਰਾਨ ਨਾ ਪੜ੍ਹੋ, ਉਦਾਸ ਨਾ ਹੋਵੋ, ਜਸ਼ਨ ਮਨਾਓ। ਸ਼ਰੀਆ ਕਾਨੂੰਨ ਕਾਰਨ ਉਸ ਦੀ ਮੌਤ ਹੋ ਗਈ। ਉਸਨੇ ਸਿਰਫ ਆਪਣੇ ਹੱਕਾਂ ਲਈ ਆਵਾਜ਼ ਉਠਾਈ ਸੀ।

ਈਰਾਨ ਦੀ ਤਹਿਰਾਨ ਅਦਾਲਤ ਨੇ ਮਜੀਦਰੇਜ਼ਾ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਉਸ 'ਤੇ ਵਿਰੋਧ ਪ੍ਰਦਰਸ਼ਨ ਦੌਰਾਨ ਦੋ ਪੁਲਿਸ ਅਧਿਕਾਰੀਆਂ ਦੀ ਹੱਤਿਆ ਕਰਨ ਦਾ ਦੋਸ਼ ਸੀ। ਅਦਾਲਤ ਨੇ ਦੱਸਿਆ ਕਿ ਉਸਨੇ ਦੋ ਅਧਿਕਾਰੀਆਂ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ 4 ਹੋਰ ਅਧਿਕਾਰੀਆਂ 'ਤੇ ਵੀ ਹਮਲਾ ਕੀਤਾ ਸੀ। ਮਜੀਦਰੇਜਾ ਨੂੰ 12 ਦਸੰਬਰ ਨੂੰ ਜਨਤਕ ਤੌਰ 'ਤੇ ਫਾਂਸੀ ਦਿੱਤੀ ਗਈ ਸੀ।

ਇਸ ਤੋਂ ਚਾਰ ਦਿਨ ਪਹਿਲਾਂ 8 ਦਸੰਬਰ ਨੂੰ 23 ਸਾਲਾ ਮੋਹਸਿਨ ਸ਼ੇਖੜੀ ਨੂੰ ਵੀ ਫਾਂਸੀ ਦਿੱਤੀ ਗਈ ਸੀ। ਉਸ ਨੇ ਪ੍ਰਦਰਸ਼ਨ ਦੌਰਾਨ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕੀਤਾ ਸੀ। ਇਹ ਪ੍ਰਦਰਸ਼ਨ 16 ਸਤੰਬਰ ਨੂੰ 22 ਸਾਲਾ ਮਾਹਸਾ ਅਮੀਨੀ ਦੀ ਮੌਤ ਤੋਂ ਬਾਅਦ ਸ਼ੁਰੂ ਹੋਇਆ ਸੀ। ਪੁਲਿਸ ਨੇ ਮਹਿਸਾ ਨੂੰ ਹਿਜਾਬ ਨਾ ਪਹਿਨਣ ਕਾਰਨ ਗ੍ਰਿਫਤਾਰ ਕੀਤਾ ਸੀ। ਹਿਰਾਸਤ ਵਿਚ ਹੀ ਉਸ ਦੀ ਜਾਨ ਚਲੀ ਗਈ ਸੀ। ਈਰਾਨੀ ਮੀਡੀਆ ਰਿਪੋਰਟਾਂ ਮੁਤਾਬਕ ਅਮੀਨੀ ਗ੍ਰਿਫਤਾਰੀ ਤੋਂ ਕੁਝ ਘੰਟਿਆਂ ਬਾਅਦ ਕੋਮਾ 'ਚ ਚਲੀ ਗਈ ਸੀ। ਉਸਨੂੰ ਹਸਪਤਾਲ ਲਿਜਾਇਆ ਗਿਆ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਅਮੀਨੀ ਦੀ ਮੌਤ ਸਿਰ ਵਿੱਚ ਸੱਟ ਲੱਗਣ ਕਾਰਨ ਹੋਈ ਸੀ। ਪੁਲਿਸ ਨੇ ਦਾਅਵਾ ਕੀਤਾ ਕਿ ਅਮੀਨੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ।

Related Stories

No stories found.
logo
Punjab Today
www.punjabtoday.com