ਯੂਕਰੇਨ 'ਤੇ ਕੀਤੇ ਅੱਤਿਆਚਾਰਾਂ ਲਈ ਰੂਸ ਨੂੰ ਜਵਾਬਦੇਹ ਹੋਣਾ ਚਾਹੀਦਾ : ਜਾਪਾਨ

ਜਾਪਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਯੂਕਰੇਨ 'ਚ ਰੂਸੀ ਅੱਤਿਆਚਾਰ ਪੂਰੀ ਤਰ੍ਹਾਂ ਨਾਲ ਬਰਦਾਸ਼ਤ ਕਰਨ ਯੋਗ ਨਹੀਂ ਹਨ ।
ਯੂਕਰੇਨ 'ਤੇ ਕੀਤੇ ਅੱਤਿਆਚਾਰਾਂ ਲਈ ਰੂਸ ਨੂੰ ਜਵਾਬਦੇਹ ਹੋਣਾ ਚਾਹੀਦਾ : ਜਾਪਾਨ

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਯੂਰੋਪ ਦੇ ਜ਼ਿਆਦਾਤਰ ਦੇਸ਼ ਰੂਸ ਦੀ ਇਸ ਕਾਰਵਾਈ ਦੀ ਨਿੰਦਾ ਕਰ ਰਹੇ ਹਨ। ਹੁਣ ਜਪਾਨ ਨੇ ਵੀ ਰੂਸ ਦੀ ਖੁਲ ਕੇ ਆਲੋਚਨਾ ਕੀਤੀ ਹੈ। ਯੂਕਰੇਨ ਵਿਚਾਲੇ ਢਾਈ ਮਹੀਨਿਆਂ ਤੋਂ ਚੱਲ ਰਹੀ ਜੰਗ ਦੇ ਬਾਅਦ ਰੂਸ ਨੇ ਯੂਕਰੇਨ ਤੇ ਬੁਰੀ ਤਰਾਂ ਹਮਲਾ ਕੀਤਾ, ਪਰ ਦੋਹਾਂ ਦੇਸ਼ਾਂ ਵਿਚਾਲੇ ਲੜਾਈ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ।

ਯੂਕਰੇਨ ਵਿੱਚ ਰੂਸ ਦੀ ਫੌਜੀ ਮੁਹਿੰਮ ਦੀ ਸ਼ੁਰੂਆਤ ਤੋਂ ਲੈ ਕੇ, ਰੂਸੀ ਫੌਜ ਭਿਆਨਕ ਲੜਾਈ ਵਿੱਚ ਯੂਕਰੇਨ ਉੱਤੇ ਲਗਾਤਾਰ ਹਮਲੇ ਕਰ ਰਹੀ ਹੈ। ਅਜਿਹੇ 'ਚ ਹੁਣ ਜਾਪਾਨ ਦੇ ਵਿਦੇਸ਼ ਮੰਤਰੀ ਯੋਸ਼ੀਮਾਸਾ ਹਯਾਸ਼ੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਆਪਣੇ ਯੂਕਰੇਨੀ ਹਮਰੁਤਬਾ ਨੂੰ ਕਿਹਾ ਕਿ ਯੂਕਰੇਨ 'ਚ ਰੂਸੀ ਅੱਤਿਆਚਾਰ ਪੂਰੀ ਤਰ੍ਹਾਂ ਨਾਲ ਬਰਦਾਸ਼ਤ ਕਰਨ ਯੋਗ ਨਹੀਂ ਹੈ।

ਜਾਪਾਨ ਦੇ ਵਿਦੇਸ਼ ਮੰਤਰੀ ਯੋਸ਼ੀਮਾਸਾ ਹਯਾਸ਼ੀ ਨੇ ਜਰਮਨੀ ਵਿੱਚ ਸੱਤ ਵਿਦੇਸ਼ ਮੰਤਰੀਆਂ ਦੇ ਸਮੂਹ ਦੀ ਮੀਟਿੰਗ ਤੋਂ ਇਲਾਵਾ ਯੂਕਰੇਨ ਦੇ ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਰੂਸ ਵੱਲੋਂ ਯੂਕਰੇਨ 'ਤੇ ਕੀਤੇ ਜਾ ਰਹੇ ਫੌਜੀ ਹਮਲਿਆਂ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਇਸ ਦੀ ਕਾਰਵਾਈ ਲਈ ਮਾਸਕੋ ਨੂੰ ਜ਼ਿੰਮੇਵਾਰ ਠਹਿਰਾਉਣਾ ਚਾਹੀਦਾ ਹੈ। ਇਹ ਜਾਣਕਾਰੀ ਜਾਪਾਨ ਸਰਕਾਰ ਦੇ ਇੱਕ ਅਧਿਕਾਰੀ ਨੇ ਇੱਕ ਮੀਡੀਆ ਬ੍ਰੀਫਿੰਗ ਵਿੱਚ ਦਿੱਤੀ।

ਦੂਜੇ ਪਾਸੇ, ਰੂਸ ਨੇ ਯੂਕਰੇਨ ਵਿੱਚ ਆਪਣੀ "ਵਿਸ਼ੇਸ਼ ਫੌਜੀ ਕਾਰਵਾਈ" ਦੀ ਦੁਰਵਰਤੋਂ ਕਰਨ ਤੋਂ ਇਨਕਾਰ ਕੀਤਾ ਹੈ। ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਜੰਗ ਕਾਰਨ ਯੂਕਰੇਨ 'ਚ ਹਰ ਪਾਸੇ ਤਬਾਹੀ ਦਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਕਈ ਸ਼ਹਿਰ ਉਜਾੜ ਹੋ ਗਏ ਹਨ,ਹਜ਼ਾਰਾਂ ਦੀ ਗਿਣਤੀ 'ਚ ਆਮ ਲੋਕ ਮਾਰੇ ਜਾ ਚੁਕੇ ਹਨ । ਵੱਡੀਆਂ ਇਮਾਰਤਾਂ ਖੰਡਰ ਬਣ ਗਈਆਂ ਹਨ । ਹਰ ਰੋਜ਼ ਰੂਸੀ ਮਿਜ਼ਾਈਲਾਂ ਅਤੇ ਬੰਬ ਧਮਾਕਿਆਂ ਨਾਲ ਪੂਰਾ ਯੂਕਰੇਨ ਹਿੱਲ ਜਾਂਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ 4 ਮਈ ਨੂੰ ਰੂਸ ਦੇ ਵਿਦੇਸ਼ ਮੰਤਰਾਲੇ ਨੇ 63 ਜਾਪਾਨੀ ਅਧਿਕਾਰੀਆਂ, ਪੱਤਰਕਾਰਾਂ ਅਤੇ ਪ੍ਰੋਫੈਸਰਾਂ 'ਤੇ ਪਾਬੰਦੀਆਂ ਦਾ ਐਲਾਨ ਕੀਤਾ ਸੀ ਅਤੇ ਇਸ ਪਾਬੰਦੀ ਦਾ ਕਾਰਨ ਮਾਸਕੋ ਖਿਲਾਫ 'ਅਸਵੀਕਾਰਨਯੋਗ ਬਿਆਨਬਾਜ਼ੀ' ਦੱਸਿਆ ਜਾ ਰਿਹਾ ਹੈ। ਪਾਬੰਦੀਆਂ ਦੀ ਸੂਚੀ ਵਿੱਚ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ, ਵਿਦੇਸ਼ ਮੰਤਰੀ ਯੋਸ਼ੀਮਾਸਾ ਹਯਾਸ਼ੀ ਅਤੇ ਰੱਖਿਆ ਮੰਤਰੀ ਨੋਬੂਓ ਕਿਸ਼ੀ ਸਮੇਤ ਹੋਰ ਅਧਿਕਾਰੀ ਵੀ ਸ਼ਾਮਲ ਹਨ। ਰੂਸੀ ਮੰਤਰਾਲੇ ਨੇ ਕਿਹਾ ਕਿ 'ਪਾਬੰਦੀਆਂ ਨਿਸ਼ਾਨਾ ਬਣਾਏ ਗਏ ਵਿਅਕਤੀਆਂ ਨੂੰ ਰੂਸ ਵਿਚ ਅਣਮਿੱਥੇ ਸਮੇਂ ਲਈ ਦਾਖਲ ਹੋਣ ਤੋਂ ਰੋਕਦੀਆਂ ਹਨ।'

Related Stories

No stories found.
logo
Punjab Today
www.punjabtoday.com