ਟਰੰਪ ਲੋਕਤੰਤਰ ਦਾ ਦੁਸ਼ਮਣ, ਲੋਕਾਂ ਦੇ ਹੱਕ ਚਾਹੁੰਦਾ ਹੈ ਖੋਹਣਾ : ਬਿਡੇਨ

ਬਿਡੇਨ ਨੇ ਟਰੰਪ ਦੀ 'ਮੇਕ ਅਮਰੀਕਾ ਗ੍ਰੇਟ ਅਗੇਨ' ਵਿਚਾਰਧਾਰਾ ਦਾ ਸਮਰਥਨ ਕਰਨ ਵਾਲਿਆਂ ਦੀ ਵੀ ਨਿੰਦਾ ਕੀਤੀ। ਬਿਡੇਨ ਨੇ ਕਿਹਾ ਕਿ ਸਾਨੂੰ ਆਪਣੀ ਆਵਾਜ਼ ਬੁਲੰਦ ਕਰਨੀ ਪਵੇਗੀ, ਲੋਕਤੰਤਰ ਨੂੰ ਬਚਾਉਣਾ ਹੋਵੇਗਾ।
ਟਰੰਪ ਲੋਕਤੰਤਰ ਦਾ ਦੁਸ਼ਮਣ, ਲੋਕਾਂ ਦੇ ਹੱਕ ਚਾਹੁੰਦਾ ਹੈ ਖੋਹਣਾ : ਬਿਡੇਨ

ਯੂਐੱਸ ਰਾਸ਼ਟਰਪਤੀ ਜੋਅ ਬਿਡੇਨ ਨੇ ਕਿਹਾ ਕਿ ਟਰੰਪ ਲੋਕਤੰਤਰ ਲਈ ਖਤਰਾ ਹੈ। ਅਮਰੀਕਾ 'ਚ 8 ਨਵੰਬਰ ਨੂੰ ਹੋਣ ਵਾਲੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਜੋਅ ਬਿਡੇਨ ਨੇ ਡੋਨਾਲਡ ਟਰੰਪ 'ਤੇ ਹਮਲਾ ਬੋਲਿਆ ਹੈ।

ਬਿਡੇਨ ਨੇ ਕਿਹਾ ਕਿ ਟਰੰਪ ਅਤੇ ਉਨ੍ਹਾਂ ਦੀ ਰਿਪਬਲਿਕਨ ਪਾਰਟੀ ਦੇਸ਼ ਲਈ ਖਤਰਾ ਹੈ। ਬਿਡੇਨ ਨੇ ਕਿਹਾ- ਟਰੰਪ ਅਤੇ ਉਨ੍ਹਾਂ ਦੇ ਸਮਰਥਕ ਅਮਰੀਕੀ ਲੋਕਤੰਤਰ ਦੇ ਦੁਸ਼ਮਣ ਹਨ। ਉਸਦੇ ਰਾਜ ਵਿੱਚ ਲੋਕਤੰਤਰ ਦੀ ਗਾਰੰਟੀ ਨਹੀਂ ਹੈ। ਉਹ ਦੇਸ਼ 'ਤੇ ਦੋਬਾਰਾ ਰਾਜ ਕਰਨਾ ਚਾਹੁੰਦੇ ਹਨ। ਉਹ ਅਜਿਹਾ ਅਮਰੀਕਾ ਬਣਾਉਣਾ ਚਾਹੁੰਦੇ ਹਨ, ਜਿੱਥੇ ਲੋਕਾਂ ਨੂੰ ਨਾ ਤਾਂ ਨਿੱਜਤਾ ਦਾ ਅਧਿਕਾਰ ਹੋਵੇਗਾ ਅਤੇ ਨਾ ਹੀ ਕੋਈ ਹੋਰ ਅਧਿਕਾਰ ਹੋਵੇਗਾ।

ਫਿਲਾਡੇਲਫੀਆ, ਪੈਨਸਿਲਵੇਨੀਆ ਵਿੱਚ ਇੱਕ ਭਾਸ਼ਣ ਦੌਰਾਨ ਜੋ ਬਿਡੇਨ ਨੇ ਕਿਹਾ - ਲੰਬੇ ਸਮੇਂ ਤੋਂ ਅਸੀਂ ਆਪਣੇ ਆਪ ਨੂੰ ਯਕੀਨ ਦਿਵਾਇਆ ਹੈ ਕਿ ਅਮਰੀਕਾ 'ਚ ਲੋਕਤੰਤਰ ਦੀ ਗਾਰੰਟੀ ਹੈ, ਪਰ ਹੁਣ ਅਜਿਹਾ ਨਹੀਂ ਹੈ। ਉਨ੍ਹਾਂ ਟਰੰਪ ਦੀ 'ਮੇਕ ਅਮਰੀਕਾ ਗ੍ਰੇਟ ਅਗੇਨ' ਵਿਚਾਰਧਾਰਾ ਦਾ ਸਮਰਥਨ ਕਰਨ ਵਾਲਿਆਂ ਦੀ ਵੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਸਮਾਨਤਾ ਅਤੇ ਜਮਹੂਰੀਅਤ ਹਮਲੇ ਦੀ ਮਾਰ ਹੇਠ ਹੈ। ਸਾਨੂੰ ਆਪਣੀ ਆਵਾਜ਼ ਬੁਲੰਦ ਕਰਨੀ ਪਵੇਗੀ, ਲੋਕਤੰਤਰ ਨੂੰ ਬਚਾਉਣਾ ਹੋਵੇਗਾ।

ਬਿਡੇਨ ਨੇ ਕਿਹਾ ਕਿ ਅਮਰੀਕਾ ਵਿੱਚ ਸਿਆਸੀ ਹਿੰਸਾ ਲਈ ਕੋਈ ਥਾਂ ਨਹੀਂ ਹੈ। ਉਸ ਦਾ ਹਵਾਲਾ ਪਿਛਲੇ ਸਾਲ ਹੋਈ ਕੈਪੀਟਲ ਹਿੰਸਾ 'ਤੇ ਸੀ। ਅਮਰੀਕਾ ਵਿੱਚ 6 ਜਨਵਰੀ 2021 ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਵੱਲੋਂ ਕੈਪੀਟਲ ਹਿੱਲ (ਅਮਰੀਕੀ ਸੰਸਦ) ਉੱਤੇ ਹਮਲਾ ਕੀਤਾ ਗਿਆ ਸੀ। ਉਹ ਟਰੰਪ ਦੀ ਹਾਰ 'ਤੇ ਨਾਰਾਜ਼ ਸਨ। ਇਸ ਨੂੰ ਰਾਸ਼ਟਰਪਤੀ ਚੋਣ ਦੇ ਨਤੀਜਿਆਂ ਨੂੰ ਉਲਟਾਉਣ ਦੀ ਕੋਸ਼ਿਸ਼ ਮੰਨਿਆ ਗਿਆ ਸੀ। ਨਵੰਬਰ ਦੀਆਂ ਚੋਣਾਂ ਲਈ ਪ੍ਰਾਇਮਰੀ ਮਈ ਵਿਚ ਹੋਈਆਂ ਸਨ।

ਅਮਰੀਕੀ ਚੋਣਾਂ ਵਿੱਚ ਪ੍ਰਾਇਮਰੀਜ਼ ਦੌਰਾਨ ਦੋਵੇਂ ਵੱਡੀਆਂ ਪਾਰਟੀਆਂ ਦੇ ਉਮੀਦਵਾਰ ਜਨਤਾ ਵਿੱਚ ਜਾਂਦੇ ਹਨ ਅਤੇ ਲੋਕਪ੍ਰਿਅਤਾ ਦੇ ਆਧਾਰ ’ਤੇ ਮੁੜ ਆਪਣੀ ਪਾਰਟੀ ਵਿੱਚ ਉਮੀਦਵਾਰੀ ਹਾਸਲ ਕਰਦੇ ਹਨ। ਰਾਸ਼ਟਰਪਤੀ ਜੋ ਬਿਡੇਨ ਦੀ ਡੈਮੋਕ੍ਰੇਟਿਕ ਪਾਰਟੀ ਸਰਵੇਖਣ ਵਿੱਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਤੋਂ ਪਿੱਛੇ ਹੈ। ਸਰਵੇਖਣ 'ਚ ਵੱਖ-ਵੱਖ ਮੁੱਦਿਆਂ 'ਤੇ ਡੈਮੋਕ੍ਰੇਟਿਕ ਪਾਰਟੀ ਨੂੰ 44% ਲੋਕਾਂ ਦਾ ਸਮਰਥਨ ਮਿਲਿਆ ਹੈ, ਜਦਕਿ ਰਿਪਬਲਿਕਨ ਪਾਰਟੀ ਨੂੰ 47% ਲੋਕਾਂ ਦਾ ਸਮਰਥਨ ਮਿਲਿਆ ਹੈ। ਡੈਮੋਕ੍ਰੇਟਿਕ ਪਾਰਟੀ ਪ੍ਰਤੀ ਲੋਕਾਂ ਦੀ ਸਭ ਤੋਂ ਵੱਡੀ ਨਾਰਾਜ਼ਗੀ ਵਧਦੀ ਮਹਿੰਗਾਈ ਹੈ। 41% ਲੋਕਾਂ ਦਾ ਕਹਿਣਾ ਹੈ ਕਿ ਰਿਪਬਲਿਕਨ ਪਾਰਟੀ ਵਧਦੀ ਮਹਿੰਗਾਈ 'ਤੇ ਕਾਬੂ ਪਾਉਣ 'ਚ ਬਿਹਤਰ ਸਾਬਤ ਹੋਵੇਗੀ।

Related Stories

No stories found.
logo
Punjab Today
www.punjabtoday.com