
ਉੱਤਰੀ ਕੋਰੀਆ ਨੇ ਇੱਕ ਸ਼ੱਕੀ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ। ਉੱਤਰੀ ਕੋਰੀਆ ਲਗਾਤਾਰ ਮਿਜ਼ਾਈਲ ਪ੍ਰੀਖਣਾਂ ਨੂੰ ਲੈ ਕੇ ਤਣਾਅ ਪੈਦਾ ਕਰ ਰਿਹਾ ਹੈ। ਜਾਪਾਨ ਦੇ ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ।
ਇੱਕ ਹਫ਼ਤੇ ਵਿੱਚ ਇਹ ਚੌਥਾ ਮਿਜ਼ਾਈਲ ਪ੍ਰੀਖਣ ਕੀਤਾ ਹੈ। ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਿਜ਼ਾਈਲ ਪ੍ਰੀਖਣ ਸਬੰਧੀ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਜਾਪਾਨ ਦੇ ਰਾਸ਼ਟਰੀ ਟੈਲੀਵਿਜ਼ਨ ਦੀ ਖਬਰ ਮੁਤਾਬਕ ਉੱਤਰੀ ਕੋਰੀਆ ਤੋਂ ਦਾਗੀਆਂ ਗਈਆਂ ਕਈ ਮਿਜ਼ਾਈਲਾਂ ਜਾਪਾਨ ਦੇ ਸਾਗਰ ਅਤੇ ਜਾਪਾਨ ਦੇ ਐਕਸਕਲੂਸਿਵ ਇਕਨਾਮਿਕ ਜ਼ੋਨ ਦੇ ਬਾਹਰ ਡਿੱਗੀਆਂ ਹਨ।
ਇਹ ਮਿਜ਼ਾਈਲ ਪ੍ਰੀਖਣ ਦੱਖਣੀ ਕੋਰੀਆ, ਅਮਰੀਕਾ ਅਤੇ ਜਾਪਾਨ ਦੀਆਂ ਜਲ ਸੈਨਾਵਾਂ ਦੁਆਰਾ ਸੰਯੁਕਤ ਪਣਡੁੱਬੀ ਵਿਰੋਧੀ ਅਭਿਆਸਾਂ ਤੋਂ ਬਾਅਦ ਦੇਖਿਆ ਗਿਆ ਹੈ। ਇਹ ਪਣਡੁੱਬੀ ਵਿਰੋਧੀ ਅਭਿਆਸ ਪੰਜ ਸਾਲਾਂ ਵਿੱਚ ਪਹਿਲੀ ਵਾਰ ਦੇਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਦੌਰੇ ਤੋਂ ਬਾਅਦ ਅਜਿਹਾ ਤਣਾਅ ਦੇਖਣ ਨੂੰ ਮਿਲਿਆ ਹੈ।
ਦੱਖਣੀ ਕੋਰੀਆ ਦੇ ਜੁਆਇੰਟ ਚੀਫ ਆਫ ਸਟਾਫ ਨੇ ਨਵੇਂ ਲਾਂਚ ਦੀ ਸੂਚਨਾ ਦਿੱਤੀ, ਜਦੋਂ ਕਿ ਜਾਪਾਨ ਦੇ ਕੋਸਟ ਗਾਰਡ ਨੇ ਕਿਹਾ ਕਿ ਉੱਤਰੀ ਕੋਰੀਆ ਤੋਂ ਘੱਟੋ-ਘੱਟ ਦੋ ਬੈਲਿਸਟਿਕ ਮਿਜ਼ਾਈਲ ਪ੍ਰੀਖਣ ਕੀਤੇ ਗਏ ਹਨ। ਉੱਤਰੀ ਕੋਰੀਆ ਨੇ ਇਸ ਸਾਲ 20 ਤੋਂ ਵੱਧ ਮਿਜ਼ਾਈਲ ਪ੍ਰੀਖਣ ਕੀਤੇ ਹਨ, ਜੋ ਕਿ ਇੱਕ ਰਿਕਾਰਡ ਗਿਣਤੀ ਹੈ। ਇਸ ਨੇ ਅਮਰੀਕਾ ਨਾਲ ਲੰਬੇ ਸਮੇਂ ਤੋਂ ਰੁਕੀ ਪਰਮਾਣੂ ਗੱਲਬਾਤ ਮੁੜ ਸ਼ੁਰੂ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ।
ਉੱਤਰੀ ਕੋਰੀਆ ਵੀ ਪਣਡੁੱਬੀਆਂ ਤੋਂ ਮਿਜ਼ਾਈਲਾਂ ਦਾਗਣ ਦੀ ਸਮਰੱਥਾ ਵਧਾ ਰਿਹਾ ਹੈ। ਦੱਖਣੀ ਕੋਰੀਆ ਦੇ ਅਧਿਕਾਰੀਆਂ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਉਨ੍ਹਾਂ ਨੂੰ ਸੰਕੇਤ ਮਿਲੇ ਹਨ ਕਿ ਉੱਤਰੀ ਕੋਰੀਆ ਇੱਕ ਪਣਡੁੱਬੀ ਤੋਂ ਇੱਕ ਮਿਜ਼ਾਈਲ ਦਾ ਪ੍ਰੀਖਣ ਕਰਨ ਦੀ ਤਿਆਰੀ ਕਰ ਰਿਹਾ ਹੈ। ਵਿਸ਼ਲੇਸ਼ਕ ਇਸ ਨੂੰ ਹਥਿਆਰਾਂ ਦੀ ਗਿਣਤੀ ਵਧਾਉਣ ਅਤੇ ਰੂਸ-ਯੂਕਰੇਨ ਯੁੱਧ ਵਿਚ ਉਲਝੀ ਹੋਈ ਦੁਨੀਆ ਦਾ ਫਾਇਦਾ ਉਠਾਉਣ ਦੇ ਤਰੀਕੇ ਵਜੋਂ ਦੇਖਦੇ ਹਨ।
ਸਿਓਲ ਵਿੱਚ ਇਵਾ ਯੂਨੀਵਰਸਿਟੀ ਦੇ ਪ੍ਰੋਫੈਸਰ ਲੀਫ ਐਰਿਕ ਆਈਸਲੇ ਨੇ ਕਿਹਾ, "ਉੱਤਰੀ ਕੋਰੀਆ ਅੰਦਰੂਨੀ ਕਮਜ਼ੋਰੀਆਂ ਅਤੇ ਅੰਤਰਰਾਸ਼ਟਰੀ ਅਲੱਗ-ਥਲੱਗ ਹੋਣ ਦੇ ਬਾਵਜੂਦ ਤੇਜ਼ੀ ਨਾਲ ਹਥਿਆਰ ਬਣਾ ਰਿਹਾ ਹੈ।" ਇਹ ਅਮਰੀਕਾ-ਚੀਨ ਤਣਾਅ ਅਤੇ ਰੂਸ-ਯੂਕਰੇਨ ਯੁੱਧ ਦਾ ਫਾਇਦਾ ਉਠਾ ਰਿਹਾ ਹੈ।