ਬ੍ਰਾਜ਼ੀਲ 'ਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਹੋਈ ਭਾਰੀ ਤਬਾਹੀ

94 ਲੋਕਾਂ ਦੀ ਮੌਤ ਹੋ ਚੁੱਕੀ ਹੈ, 21 ਨੂੰ ਬਚਾਇਆ ਜਾ ਚੁੱਕਾ ਹੈ, ਜਦਕਿ 35 ਦੀ ਭਾਲ ਜਾਰੀ ਹੈ।
ਬ੍ਰਾਜ਼ੀਲ 'ਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਹੋਈ ਭਾਰੀ ਤਬਾਹੀ

ਬ੍ਰਾਜ਼ੀਲ ਦੇ ਰੀਓ ਡੀ ਜੇਨੇਰੀਓ ਸੂਬੇ ਦੇ ਪੈਟ੍ਰੋਪੋਲਿਸ ਸ਼ਹਿਰ ਵਿੱਚ ਹੜ੍ਹ ਅਤੇ ਜ਼ਮੀਨ ਖਿਸਕਣ ਨੇ ਤਬਾਹੀ ਮਚਾਈ ਹੈ। ਇਸ ਕਾਰਨ ਹੁਣ ਤੱਕ 94 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰੀਓ ਡੀ ਜੇਨੇਰੀਓ ਦੇ ਗਵਰਨਰ ਕਲੌਡੀਓ ਕਾਸਤਰੋ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ, ਕਿਉਂਕਿ ਬਚਾਅ ਕਾਰਜ ਅਜੇ ਵੀ ਜਾਰੀ ਹੈ।

ਇਸ ਘਟਨਾ ਨਾਲ ਹੁਣ ਤੱਕ ਲਗਭਗ 54 ਘਰ ਤਬਾਹ ਹੋ ਗਏ ਹਨ, ਜਿਸ ਕਰਕੇ 400 ਲੋਕ ਬੇਘਰ ਹੋ ਗਏ ਹਨ। ਹੁਣ ਤੱਕ 21 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ, ਜਦਕਿ 35 ਲੋਕਾਂ ਦੀ ਭਾਲ ਜਾਰੀ ਹੈ।

ਗਵਰਨਰ ਕਾਸਤਰੋ ਨੇ ਕਿਹਾ- ਫਿਲਹਾਲ ਜ਼ਮੀਨ ਖਿਸਕਣ ਵਾਲੀ ਥਾਂ 'ਤੇ ਜੰਗ ਵਰਗੀ ਸਥਿਤੀ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਕਈ ਕਾਰਾਂ ਖੰਭਿਆਂ 'ਤੇ ਲਟਕ ਗਈਆਂ, ਇਲਾਕਾ ਚਿੱਕੜ ਅਤੇ ਮਲਬੇ ਨਾਲ ਦਲਦਲ ਬਣ ਗਿਆ ਹੈ।

ਇਸ ਹਾਦਸੇ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਗਲੋਬੋ ਮੀਡੀਆ ਦੀ ਰਿਪੋਰਟ ਮੁਤਾਬਕ ਕਈ ਇਲਾਕਿਆਂ 'ਚ ਮਕਾਨ ਮਿੱਟੀ ਦੇ ਹੇਠਾਂ ਦੱਬ ਗਏ ਹਨ, ਕਈ ਥਾਵਾਂ 'ਤੇ ਫਾਇਰ ਕਰਮੀਆਂ ਦੀ ਟੀਮਾਂ ਵੀ ਦੇਰੀ ਨਾਲ ਪਹੁੰਚੀਆਂ।

ਪੈਟ੍ਰੋਪੋਲਿਸ ਦੇ ਨਾਗਰਿਕ ਨੇ ਦੱਸਿਆ- ਅਸੀਂ ਇਸ ਤਬਾਹੀ ਦੀ ਕਦੇ ਕਲਪਨਾ ਵੀ ਨਹੀਂ ਕਰ ਸਕਦੇ ਸੀ। ਅਧਿਕਾਰੀਆਂ ਨੇ ਸਾਰੇ ਲੋਕਾਂ ਨੂੰ ਇਲਾਕਾ ਖਾਲੀ ਕਰਨ ਦੇ ਹੁਕਮ ਦਿੱਤੇ ਹਨ। ਦੱਸ ਦੇਈਏ ਕਿ ਮੰਗਲਵਾਰ ਨੂੰ, ਪੈਟ੍ਰੋਪੋਲਿਸ ਵਿੱਚ ਸਿਰਫ 3 ਘੰਟਿਆਂ ਵਿੱਚ ਹੀ ਇੰਨੀ ਬਾਰਿਸ਼ ਪੈ ਗਈ ਜਿੰਨੀ ਪਿਛਲੇ 30 ਦਿਨਾਂ ਵਿੱਚ ਪਈ ਸੀ। ਸਟੇਟ ਫਾਇਰ ਫਾਈਟਰਜ਼ ਟੀਮ ਦੇ 180 ਤੋਂ ਵੱਧ ਮੈਂਬਰ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ।

ਰੂਸ ਪਹੁੰਚੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਇਸ ਘਟਨਾ ਬਾਰੇ ਲਗਾਤਾਰ ਅਪਡੇਟ ਲੈ ਰਹੇ ਹਨ। ਉਨ੍ਹਾਂ ਨੇ ਆਪਣੇ ਮੰਤਰੀਆਂ ਨੂੰ ਲੋਕਾਂ ਦੀ ਮਦਦ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ। ਬੋਲਸੋਨਾਰੋ ਨੇ ਸੋਸ਼ਲ ਮੀਡੀਆ 'ਤੇ ਲਿਖਿਆ- ਮੈਨੂੰ ਮਾਸਕੋ ਤੋਂ ਪੈਟ੍ਰੋਪੋਲਿਸ ਹਾਦਸੇ ਬਾਰੇ ਪਤਾ ਲੱਗਾ। ਮੰਤਰੀਆਂ ਨੂੰ ਪੀੜਤਾਂ ਦੀ ਮਦਦ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮੈਂ ਰੀਓ ਦੇ ਗਵਰਨਰ ਕਲਾਉਡੀਓ ਕਾਸਤਰੋ ਨਾਲ ਵੀ ਗੱਲ ਕੀਤੀ ਹੈ।

ਜ਼ਮੀਨ ਖਿਸਕਣ ਨਾਲ ਮਾਰੇ ਗਏ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਨ ਲਈ ਪੈਟ੍ਰੋਪੋਲਿਸ ਵਿਚ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਗਿਆ ਸੀ। ਗਵਰਨਰ ਕਾਸਤਰੋ ਨੇ ਕਿਹਾ ਕਿ ਜ਼ਮੀਨ ਖਿਸਕਣ ਨਾਲ ਮਲਬਾ ਸੜਕਾਂ 'ਤੇ ਆ ਗਿਆ, ਜਿਸ ਕਾਰਨ ਰਾਹਤ ਕਾਰਜਾਂ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦੱਸਣਯੋਗ ਹੈ ਕਿ ਇਸ ਖੇਤਰ ਵਿੱਚ 2011 ਵਿੱਚ ਜ਼ਮੀਨ ਖਿਸਕਣ ਕਾਰਨ ਵੀ 900 ਤੋਂ ਵੱਧ ਲੋਕ ਮਾਰੇ ਗਏ ਸਨ।

Related Stories

No stories found.
logo
Punjab Today
www.punjabtoday.com