
ਥਾਈਲੈਂਡ ਦੁਨੀਆਂ ਭਰ ਦੇ ਟੂਰਿਸਟ ਲਈ ਸਭ ਤੋਂ ਪਸੰਦੀਦਾ ਸਥਾਨ ਹੈ। ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਹਸਪਤਾਲ 'ਚ ਪਿਛਲੇ ਇਕ ਹਫਤੇ 'ਚ 2 ਲੱਖ ਲੋਕਾਂ ਨੂੰ ਭਰਤੀ ਕਰਵਾਇਆ ਗਿਆ ਹੈ। ਹਵਾ ਪ੍ਰਦੂਸ਼ਣ ਕਾਰਨ ਉਨ੍ਹਾਂ ਨੂੰ ਸਾਹ ਲੈਣ 'ਚ ਦਿੱਕਤ ਆ ਰਹੀ ਸੀ। ਇਸ ਸੈਰ ਸਪਾਟੇ ਵਾਲੀ ਥਾਂ 'ਤੇ ਉਦਯੋਗਾਂ, ਵਾਹਨਾਂ ਤੋਂ ਨਿਕਲਣ ਵਾਲੇ ਧੂੰਏਂ ਅਤੇ ਖੇਤਾਂ 'ਚ ਸੜੀ ਖਰਾਬ ਫਸਲਾਂ ਤੋਂ ਲੋਕ ਪ੍ਰੇਸ਼ਾਨ ਹਨ।
ਪਬਲਿਕ ਹੈਲਥ ਮੰਤਰਾਲੇ ਮੁਤਾਬਕ ਏਅਰ ਸ਼ੋਅ ਕਾਰਨ ਤਿੰਨ ਮਹੀਨਿਆਂ 'ਚ 13 ਲੱਖ ਲੋਕ ਬੀਮਾਰ ਹੋ ਗਏ ਹਨ । ਇਨ੍ਹਾਂ 'ਚੋਂ ਪਿਛਲੇ ਇਕ ਹਫਤੇ 'ਚ 2 ਲੱਖ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਦੌਰਾਨ, ਸਿਹਤ ਮੰਤਰਾਲੇ ਨੇ ਲੋਕਾਂ ਨੂੰ N-95 ਮਾਸਕ ਪਹਿਨਣ ਦੀ ਅਪੀਲ ਕੀਤੀ ਹੈ। ਇਸਦੇ ਨਾਲ ਹੀ ਬੱਚਿਆਂ ਅਤੇ ਔਰਤਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ।
ਹਵਾ ਪ੍ਰਦੂਸ਼ਣ ਦਾ ਖ਼ਤਰਾ ਇੰਨਾ ਵੱਧ ਰਿਹਾ ਹੈ, ਕਿ ਬੈਂਕਾਕ ਅਧਿਕਾਰੀਆਂ ਨੇ ਜਨਵਰੀ ਤੋਂ ਲੋਕਾਂ ਨੂੰ ਘਰੋਂ ਕੰਮ ਕਰਨ ਦੀ ਸਲਾਹ ਦਿੱਤੀ ਸੀ। ਨਿਊਜ਼ ਏਜੰਸੀ ਏਐਫਪੀ ਮੁਤਾਬਕ ਵਾਹਨਾਂ ਵਿੱਚੋਂ ਨਿਕਲ ਰਹੇ ਧੂੰਏਂ 'ਤੇ ਨਜ਼ਰ ਰੱਖਣ ਲਈ ਚੌਕੀਆਂ ਬਣਾਈਆਂ ਗਈਆਂ ਹਨ। ਇਸ ਦੇ ਨਾਲ ਹੀ ਨਰਸਰੀਆਂ ਅਤੇ ਸਕੂਲਾਂ ਵਿੱਚ ‘ਨੋ ਡਸਟ ਰੂਮ’ ਬਣਾਏ ਗਏ ਹਨ। ਇਨ੍ਹਾਂ 'ਚ ਏਅਰ ਪਿਊਰੀਫਾਇਰ ਲਗਾਏ ਗਏ ਹਨ। ਫਿਲਹਾਲ ਸਕੂਲ ਬੰਦ ਨਹੀਂ ਕੀਤੇ ਗਏ ਹਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਖ਼ਤਰਾ ਟਲਿਆ ਨਹੀਂ ਹੈ।, ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਘਰਾਂ ਵਿੱਚ ਬੰਦ ਰੱਖਣ ਲਈ ਸਖ਼ਤ ਪਾਬੰਦੀਆਂ ਲਗਾਉਣੀਆਂ ਪੈ ਸਕਦੀਆਂ ਹਨ। ਦੁਨੀਆ ਭਰ 'ਚ ਹਵਾ ਪ੍ਰਦੂਸ਼ਣ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅਮਰੀਕਾ ਦੀ ਸ਼ਿਕਾਗੋ ਯੂਨੀਵਰਸਿਟੀ ਨੇ ਆਪਣੇ ਸਾਲਾਨਾ ਏਅਰ ਕੁਆਲਿਟੀ ਲਾਈਫ ਇੰਡੈਕਸ 'ਚ ਕਿਹਾ ਕਿ ਭਾਰਤ 'ਚ ਪ੍ਰਦੂਸ਼ਿਤ ਹਵਾ ਕਾਰਨ ਲੋਕਾਂ ਦੀ ਔਸਤ ਉਮਰ 5 ਸਾਲ ਤੱਕ ਘੱਟ ਰਹੀ ਹੈ। ਜਦੋਂ ਕਿ ਦੁਨੀਆ ਵਿਚ ਇਹ ਅੰਕੜਾ 2.2 ਸਾਲ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਦੀ 1.3 ਅਰਬ ਆਬਾਦੀ ਗੰਦੀ ਹਵਾ ਵਿਚ ਸਾਹ ਲੈ ਰਹੀ ਹੈ। 63% ਲੋਕ ਅਜਿਹੇ ਹਨ, ਜੋ ਬਹੁਤ ਖਤਰਨਾਕ ਹਵਾ ਪ੍ਰਦੂਸ਼ਣ ਦਾ ਸ਼ਿਕਾਰ ਹੋ ਰਹੇ ਹਨ। ਦੇਸ਼ ਭਰ ਵਿੱਚ ਹਵਾ ਦੀ ਗੁਣਵੱਤਾ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੁਆਰਾ ਸਿਫ਼ਾਰਸ਼ ਗੁਣਵੱਤਾ ਨਾਲੋਂ ਜ਼ਿਆਦਾ ਖਰਾਬ ਹੈ।