ਕਿਮ ਜੋਂਗ ਦੀਆਂ ਹਰਕਤਾਂ ਤੋਂ ਪਰੇਸ਼ਾਨ ਗੁਆਂਢੀ ਦੇਸ਼, ਦਾਗ ਰਿਹਾ ਮਿਜ਼ਾਈਲਾਂ
ਕਿਮ ਜੋਂਗ ਦੀ ਗਿਣਤੀ ਦੁਨੀਆਂ ਤੇ ਸਭ ਤੋਂ ਖਤਰਨਾਕ ਸਾਸ਼ਕਾਂ ਵਿਚ ਕੀਤੀ ਜਾਂਦੀ ਹੈ। ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਦੀਆਂ ਹਰਕਤਾਂ ਨੇ ਗੁਆਂਢੀ ਦੇਸ਼ਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਗੁਆਂਢੀ ਦੇਸ਼ ਦੱਖਣੀ ਕੋਰੀਆ ਨੂੰ ਡਰੋਨ ਭੇਜਣ ਕਾਰਨ ਵਧੇ ਤਣਾਅ ਦਰਮਿਆਨ ਉੱਤਰੀ ਕੋਰੀਆ ਨੇ ਹੁਣ ਗੁਆਂਢੀ ਦੇਸ਼ਾਂ ਨੂੰ ਮਿਜ਼ਾਈਲਾਂ ਦਾਗ ਕੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਉੱਤਰੀ ਕੋਰੀਆ ਨੇ ਆਪਣੇ ਪੂਰਬੀ ਪਾਣੀਆਂ ਵੱਲ ਘੱਟ ਦੂਰੀ ਦੀਆਂ ਤਿੰਨ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਦੱਖਣੀ ਕੋਰੀਆ ਦੇ ਜੁਆਇੰਟ ਚੀਫ ਆਫ ਸਟਾਫ ਨੇ ਇਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਦੇ ਦੇਸ਼ ਦੀ ਫੌਜ ਨੇ ਸ਼ਨੀਵਾਰ ਸਵੇਰੇ ਉੱਤਰੀ ਕੋਰੀਆ ਦੀ ਰਾਜਧਾਨੀ ਪਿਓਂਗਯਾਂਗ ਦੇ ਦੱਖਣ ਵਾਲੇ ਖੇਤਰ ਤੋਂ ਤਿੰਨ ਮਿਜ਼ਾਈਲਾਂ ਦਾ ਪਤਾ ਲਗਾਇਆ। ਉਨ੍ਹਾਂ ਦੱਸਿਆ ਕਿ ਮਿਜ਼ਾਈਲ ਲਾਂਚ ਤੋਂ ਬਾਅਦ ਦੱਖਣੀ ਕੋਰੀਆ ਨੇ ਚੌਕਸੀ ਵਧਾ ਦਿੱਤੀ ਹੈ ਅਤੇ ਅਮਰੀਕਾ ਨਾਲ ਕਰੀਬੀ ਤਾਲਮੇਲ ਨਾਲ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ।
ਦੂਜੇ ਪਾਸੇ ਜਾਪਾਨ ਦੇ ਰੱਖਿਆ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਉੱਤਰੀ ਕੋਰੀਆ ਨੇ ਸ਼ੱਕੀ ਤੌਰ 'ਤੇ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਪਿਛਲੇ ਅੱਠ ਦਿਨਾਂ ਵਿੱਚ ਦੱਖਣੀ ਕੋਰੀਆ ਵੱਲੋਂ ਇਹ ਪਹਿਲੀ ਮਿਜ਼ਾਈਲ ਲਾਂਚ ਕੀਤੀ ਗਈ ਹੈ। ਦੱਸਣਯੋਗ ਹੈ ਕਿ ਪੰਜ ਦਿਨ ਪਹਿਲਾਂ ਦੱਖਣੀ ਕੋਰੀਆ ਨੇ ਪਿਓਂਗਯਾਂਗ 'ਤੇ ਆਪਣੇ ਹਵਾਈ ਖੇਤਰ 'ਚ ਪੰਜ ਡਰੋਨ ਭੇਜਣ ਦਾ ਦੋਸ਼ ਲਗਾਇਆ ਸੀ।
ਦੱਖਣੀ ਕੋਰੀਆ ਦੇ ਲੜਾਕੂ ਜਹਾਜ਼ ਅਤੇ ਹੈਲੀਕਾਪਟਰ ਸਰਹੱਦ 'ਤੇ ਦੇਖੇ ਗਏ ਕਿਸੇ ਵੀ ਉੱਤਰੀ ਕੋਰੀਆਈ ਡਰੋਨ ਨੂੰ ਡੇਗਣ ਵਿੱਚ ਅਸਫਲ ਰਹੇ ਅਤੇ ਇਹ ਡਰੋਨ ਉੱਤਰੀ ਕੋਰੀਆ ਨੂੰ ਵਾਪਸ ਪਰਤ ਗਏ। ਇਹਨਾਂ ਵਿੱਚੋਂ ਇੱਕ ਉੱਤਰੀ ਸਿਓਲ ਤੱਕ ਗਿਆ। ਦੱਖਣੀ ਕੋਰੀਆ ਦੀ ਫੌਜ ਨੇ ਉੱਤਰੀ ਕੋਰੀਆ ਦੇ ਡਰੋਨ ਨੂੰ ਡੇਗਣ ਵਿੱਚ ਅਸਫਲ ਰਹਿਣ ਲਈ ਮੁਆਫੀ ਮੰਗੀ ਹੈ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੇਓਲ ਨੇ ਉੱਤਰੀ ਕੋਰੀਆ ਦੀ ਬਿਹਤਰ ਨਿਗਰਾਨੀ ਲਈ ਮਜ਼ਬੂਤ ਹਵਾਈ ਰੱਖਿਆ ਪ੍ਰਣਾਲੀ ਅਤੇ ਉੱਚ ਤਕਨੀਕ ਵਾਲੇ ਡਰੋਨ ਦੀ ਮੰਗ ਕੀਤੀ। 2017 ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਦੇ ਹਵਾਈ ਖੇਤਰ ਵਿੱਚ ਦਾਖਲਾ ਲਿਆ ਹੈ। ਦੱਖਣੀ ਕੋਰੀਆ ਵਿੱਚ ਡਰੋਨ ਦੀ ਘਟਨਾ ਸਿਓਲ ਵੱਲੋਂ ਦੋ ਛੋਟੀ ਦੂਰੀ ਦੀਆਂ ਮਿਜ਼ਾਈਲਾਂ ਦਾ ਪ੍ਰੀਖਣ ਕਰਨ ਦਾ ਦਾਅਵਾ ਕਰਨ ਤੋਂ ਬਾਅਦ ਆਈ ਹੈ।