
ਰੂਸ ਯੂਕਰੇਨ ਜੰਗ ਨੇ ਦੋਂਵੇ ਦੇਸ਼ਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ। ਯੂਕਰੇਨ ਦੇ ਨਾਲ ਜੰਗ ਦਾ ਇੱਕ ਸਾਲ ਪੂਰਾ ਹੋਣ ਤੋਂ ਪਹਿਲਾਂ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਐਲਾਨ ਕੀਤਾ ਹੈ ਕਿ ਉਹ ਜੰਗ ਨੂੰ ਜਲਦੀ ਖਤਮ ਕਰਨਾ ਚਾਹੁੰਦੇ ਹਨ। ਪੁਤਿਨ ਨੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਦੇ ਅਮਰੀਕਾ ਦੌਰੇ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਨੂੰ ਖਤਮ ਕਰਨਾ ਸਾਡਾ ਮੁੱਖ ਉਦੇਸ਼ ਹੈ। ਅਸੀਂ ਇਸ ਲਈ ਯਤਨ ਕਰ ਰਹੇ ਹਾਂ ਅਤੇ ਅੱਗੇ ਵੀ ਕਰਦੇ ਰਹਾਂਗੇ। ਪੁਤਿਨ ਨੇ ਕਿਹਾ ਕਿ ਕੋਈ ਵੀ ਤਰੀਕਾ ਹੋਵੇ, ਸਾਰੇ ਟਕਰਾਅ ਖ਼ਤਮ ਹੋ ਜਾਂਦੇ ਹਨ। ਜਿੰਨਾ ਜਲਦੀ ਸਾਡਾ ਦੁਸ਼ਮਣ ਇਸ ਨੂੰ ਸਮਝ ਲਵੇ, ਓਨਾ ਹੀ ਚੰਗਾ ਹੋਵੇਗਾ । ਪੁਤਿਨ ਨੇ ਪਹਿਲੀ ਵਾਰ ਜਨਤਕ ਤੌਰ 'ਤੇ ਯੂਕਰੇਨ ਦੇ ਵਿਸ਼ੇਸ਼ ਫੌਜੀ ਆਪ੍ਰੇਸ਼ਨ ਨੂੰ ਜੰਗ ਕਿਹਾ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਅਮਰੀਕਾ 'ਤੇ ਰੂਸ ਨੂੰ ਕਮਜ਼ੋਰ ਕਰਨ ਲਈ ਯੂਕਰੇਨ ਦੀ ਵਰਤੋਂ ਕਰਨ ਦਾ ਦੋਸ਼ ਲਾਇਆ। ਅਮਰੀਕਾ ਨੇ ਹਾਲ ਹੀ ਵਿੱਚ ਯੂਕਰੇਨ ਨੂੰ 15,000 ਕਰੋੜ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਵਿੱਚ ਅਮਰੀਕਾ ਤੋਂ ਯੂਕਰੇਨ ਨੂੰ ਪੈਟ੍ਰਿਅਟ ਮਿਜ਼ਾਈਲ ਡਿਫੈਂਸ ਸਿਸਟਮ ਵੀ ਦਿੱਤਾ ਜਾਵੇਗਾ। ਪੁਤਿਨ ਨੇ ਵੀ ਇਸ 'ਤੇ ਬਿਆਨ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਇਸ ਨਾਲ ਜੰਗ 'ਤੇ ਕੋਈ ਖਾਸ ਅਸਰ ਨਹੀਂ ਪਵੇਗਾ। ਰੂਸ ਯਕੀਨੀ ਤੌਰ 'ਤੇ ਇਸ ਨਾਲ ਨਜਿੱਠਣ ਲਈ ਕੋਈ ਨਾ ਕੋਈ ਰਸਤਾ ਲੱਭੇਗਾ। ਜੋ ਯੂਕਰੇਨ ਨੂੰ ਅਜਿਹੀ ਮਦਦ ਪ੍ਰਦਾਨ ਕਰ ਰਹੇ ਹਨ, ਉਹ ਇਸ ਸੰਘਰਸ਼ ਨੂੰ ਹੋਰ ਵਧਾ ਰਹੇ ਹਨ। ਵ੍ਹਾਈਟ ਹਾਊਸ ਦੇ ਬੁਲਾਰੇ ਜੋਨ ਕਿਰਬੀ ਨੇ ਕਿਹਾ ਕਿ ਪੁਤਿਨ ਨੇ ਅਜਿਹਾ ਕੋਈ ਸੰਕੇਤ ਨਹੀਂ ਦਿੱਤਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਲਈ ਤਿਆਰ ਹਨ। ਕਿਰਬੀ ਨੇ ਕਿਹਾ, ਪੁਤਿਨ ਯੂਕਰੇਨ ਵਿੱਚ ਜੋ ਕਰ ਰਹੇ ਹਨ, ਉਹ ਯੁੱਧ ਖਤਮ ਕਰਨ ਦੇ ਉਨ੍ਹਾਂ ਦੇ ਦਾਅਵਿਆਂ ਦੇ ਬਿਲਕੁਲ ਉਲਟ ਹੈ।
ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਜੋ ਬਿਡੇਨ ਜੰਗ ਨੂੰ ਖਤਮ ਕਰਨ ਲਈ ਪੁਤਿਨ ਨਾਲ ਗੱਲਬਾਤ ਲਈ ਤਿਆਰ ਹਨ, ਪਰ ਇਸ ਦੇ ਲਈ ਰੂਸ ਨੂੰ ਗੰਭੀਰਤਾ ਨਾਲ ਦੇਖਣਾ ਹੋਵੇਗਾ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਰੂਸ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਆਪਣੀ ਪਹਿਲੀ ਵਿਦੇਸ਼ ਯਾਤਰਾ 'ਤੇ ਅਮਰੀਕਾ ਪਹੁੰਚੇ ਹਨ। ਜਿੱਥੇ ਉਨ੍ਹਾਂ ਨੇ ਅਮਰੀਕੀ ਪ੍ਰੈੱਸ ਨਾਲ ਮੁਲਾਕਾਤ ਕੀਤੀ। ਜ਼ੇਲੇਂਸਕੀ ਦਾ ਵ੍ਹਾਈਟ ਹਾਊਸ ਵਿੱਚ ਇੱਕ ਨਾਇਕ ਵਜੋਂ ਸਵਾਗਤ ਕੀਤਾ ਗਿਆ।
ਇਸ ਦੌਰਾਨ, ਬਿਡੇਨ ਪ੍ਰਸ਼ਾਸਨ ਨੇ ਘੋਸ਼ਣਾ ਕੀਤੀ ਕਿ ਉਹ ਯੂਕਰੇਨ ਨੂੰ 1.85 ਬਿਲੀਅਨ ਡਾਲਰ ਦੀ ਫੌਜੀ ਸਹਾਇਤਾ ਪ੍ਰਦਾਨ ਕਰੇਗਾ। ਕਾਨਫਰੰਸ ਦੌਰਾਨ ਜ਼ੇਲੇਂਸਕੀ ਨੇ ਕਿਹਾ ਕਿ ਉਨ੍ਹਾਂ ਕੋਲ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਭੇਜਣ ਲਈ ਕੋਈ ਸੰਦੇਸ਼ ਨਹੀਂ ਹੈ। ਜ਼ੇਲੇਂਸਕੀ ਨੇ ਕਿਹਾ, "ਸਾਡੀਆਂ ਜ਼ਿੰਦਗੀਆਂ ਨੂੰ ਤਬਾਹ ਕਰਨ ਤੋਂ ਬਾਅਦ ਮੈਂ ਉਨ੍ਹਾਂ ਨੂੰ ਕਿਸ ਤਰ੍ਹਾਂ ਦਾ ਸੰਦੇਸ਼ ਦੇ ਸਕਦਾ ਹਾਂ। ਰੂਸ ਨੂੰ ਲੋਕਾਂ ਦੇ ਖਿਲਾਫ, ਯੂਰਪ ਦੇ ਖਿਲਾਫ ਅਤੇ ਆਜ਼ਾਦ ਦੁਨੀਆ ਦੇ ਖਿਲਾਫ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ।