
ਰੂਸ ਅਤੇ ਯੂਕਰੇਨ ਜੰਗ ਵਿਚਾਲੇ ਆਏ ਦਿਨ ਕਈ ਅਜੀਬੋ ਗਰੀਬ ਖਬਰਾਂ ਸੁਨਣ ਨੂੰ ਮਿਲਦੀਆਂ ਹਨ। ਇਸ ਦੌਰਾਨ ਰੂਸੀ ਫੌਜੀ ਦੀ ਪਤਨੀ ਨੂੰ 'ਗਲੋਬਲ ਵਾਂਟੇਡ ਲਿਸਟ' 'ਚ ਸ਼ਾਮਲ ਕੀਤਾ ਗਿਆ ਹੈ। ਉਸ 'ਤੇ ਆਪਣੇ ਫੌਜੀ ਪਤੀ ਨੂੰ ਯੂਕਰੇਨੀ ਔਰਤਾਂ ਨਾਲ ਬਲਾਤਕਾਰ ਕਰਨ ਦੀ ਇਜਾਜ਼ਤ ਦੇਣ ਦਾ ਦੋਸ਼ ਹੈ।
ਰੂਸੀ ਫੌਜ ਦੇ ਯੂਕਰੇਨ 'ਤੇ ਹਮਲਾ ਕਰਨ ਤੋਂ ਬਾਅਦ ਅਪ੍ਰੈਲ ਵਿੱਚ ਦੋਵਾਂ ਦੀ ਇੱਕ ਕਾਲ ਰਿਕਾਰਡਿੰਗ ਵਾਇਰਲ ਹੋ ਗਈ ਸੀ। ਉਸਦੀ ਗੱਲਬਾਤ ਦਾ ਯੂਕਰੇਨ ਦੀ ਸੁਰੱਖਿਆ ਸੇਵਾ (ਐਸਬੀਯੂ) ਨੇ ਪਤਾ ਲਗਾਇਆ ਸੀ। ਯੂਕਰੇਨ ਦੀਆਂ ਜਾਂਚ ਏਜੰਸੀਆਂ ਮੁਤਾਬਕ ਗੱਲਬਾਤ 'ਚ ਸ਼ਾਮਲ ਰੂਸੀ ਫੌਜੀ ਦਾ ਨਾਂ ਰੋਮਨ ਬਾਈਕੋਵਸਕੀ ਅਤੇ ਉਸ ਦੀ ਪਤਨੀ ਦਾ ਨਾਂ ਓਲਗਾ ਬਾਈਕੋਵਸਕੀ ਹੈ।
ਰਿਕਾਰਡਿੰਗ ਵਾਇਰਲ ਹੋਣ ਤੋਂ ਬਾਅਦ, ਰੇਡੀਓ ਲਿਬਰਟੀ ਦੇ ਪੱਤਰਕਾਰਾਂ ਨੇ ਕਾਨੂੰਨੀ ਏਜੰਸੀਆਂ ਦੀ ਮਦਦ ਨਾਲ ਦੋਵਾਂ ਨੰਬਰਾਂ ਨੂੰ ਟਰੈਕ ਕੀਤਾ। ਇਨ੍ਹਾਂ ਵਿੱਚੋਂ ਇੱਕ ਨੰਬਰ ਅਪ੍ਰੈਲ ਵਿੱਚ ਯੂਕਰੇਨ ਦੇ ਖੇਰਸਨ ਵਿੱਚ ਸੀ। ਜਾਂਚ ਦੌਰਾਨ ਇਨ੍ਹਾਂ ਦੋਵਾਂ ਨੰਬਰਾਂ ਨਾਲ ਜੁੜੇ ਰੂਸੀ ਸੋਸ਼ਲ ਮੀਡੀਆ ਅਕਾਊਂਟ ਮਿਲੇ ਹਨ। ਇਹ ਦੋਵੇਂ ਖਾਤੇ ਰੋਮਨ ਅਤੇ ਓਲਗਾ ਦੇ ਸਨ। ਸੋਸ਼ਲ ਮੀਡੀਆ ਅਕਾਊਂਟਸ ਤੋਂ ਪਤਾ ਲੱਗਾ ਹੈ ਕਿ ਦੋਵੇਂ 2018 ਵਿਚ ਰੂਸ ਦੇ ਕਬਜ਼ੇ ਵਾਲੇ ਕ੍ਰੀਮੀਆ ਵਿਚ ਸੈਟਲ ਹੋ ਗਏ ਸਨ।
ਅਕਾਊਂਟ 'ਤੇ ਦੋਵਾਂ ਦੀਆਂ ਤਸਵੀਰਾਂ ਵੀ ਪਾਈਆਂ ਗਈਆਂ ਹਨ। ਜਿਸ ਤੋਂ ਪਤਾ ਲੱਗਾ ਕਿ ਦੋਵਾਂ ਦਾ ਚਾਰ ਸਾਲ ਦਾ ਬੇਟਾ ਹੈ। ਰੇਡੀਓ ਲਿਬਰਟੀ ਨੇ ਦੋਵਾਂ ਨੰਬਰਾਂ 'ਤੇ ਕਾਲ ਕੀਤੀ ਅਤੇ ਪੁਸ਼ਟੀ ਕੀਤੀ ਕਿ ਉਹ ਰੋਮਨ ਅਤੇ ਓਲਗਾ ਸਨ। ਜਾਂਚ ਵਿੱਚ ਕਾਲ ਰਿਕਾਰਡਿੰਗ ਵਿੱਚ ਰੋਮਨ ਦੀ ਆਵਾਜ਼ ਵੀ ਮੇਲ ਖਾਂਦੀ ਹੈ। ਕਾਲ ਵਿੱਚ, ਓਲਗਾ ਨੇ ਮੰਨਿਆ ਕਿ ਉਸਦਾ ਪਤੀ, ਰੋਮਨ, ਵਰਤਮਾਨ ਵਿੱਚ ਸੇਵਾਸਤੋਪੋਲ ਵਿੱਚ ਆਪਣੀ ਸੱਟ ਦਾ ਇਲਾਜ ਕਰਵਾ ਰਿਹਾ ਹੈ। ਹਾਲਾਂਕਿ, ਇਹ ਦੱਸਣ ਤੋਂ ਤੁਰੰਤ ਬਾਅਦ ਓਲਗਾ ਨੇ ਕਾਲ ਡਿਸਕਨੈਕਟ ਕਰ ਦਿੱਤੀ। ਇਸਤੋਂ ਬਾਅਦ ਉਸਨੇ ਆਪਣਾ ਸੋਸ਼ਲ ਮੀਡੀਆ ਅਕਾਊਂਟ ਵੀ ਡਿਲੀਟ ਕਰ ਦਿੱਤਾ।
ਇਹ ਕਾਲ ਰਿਕਾਰਡਿੰਗ ਇਸ ਸਾਲ 12 ਅਪ੍ਰੈਲ ਨੂੰ ਜਾਰੀ ਕੀਤੀ ਗਈ ਸੀ। ਇਸ ਦੇ ਨਾਲ ਹੀ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਰੂਸੀ ਸੈਨਿਕਾਂ 'ਤੇ ਸੈਂਕੜੇ ਔਰਤਾਂ ਨਾਲ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਹੈ। ਜ਼ੇਲੇਂਸਕੀ ਨੇ ਕਿਹਾ ਸੀ ਕਿ ਰੂਸੀ ਸੈਨਿਕ ਛੋਟੇ ਬੱਚਿਆਂ ਦਾ ਵੀ ਜਿਨਸੀ ਸ਼ੋਸ਼ਣ ਕਰ ਰਹੇ ਹਨ। ਜ਼ੇਲੇਂਸਕੀ ਨੇ ਕਿਹਾ ਕਿ ਰੂਸ ਨੇ ਅਜੇਹੀ ਚੀਜ਼ਾਂ ਕਰਕੇ ਮਾਨਵਤਾ ਨੂੰ ਸ਼ਰਮਸ਼ਾਰ ਕੀਤਾ ਹੈ।