
ਮੁਸਲਮਾਨਾਂ ਲਈ ਮੱਕਾ ਬਹੁੱਤ ਪਵਿੱਤਰ ਸਥਾਨ ਹੈ, ਜਿਥੇ ਲੱਖਾਂ ਮੁਸਲਮਾਨ ਤੀਰਥ ਕਰਨ ਲਈ ਜਾਂਦੇ ਹਨ। ਸਾਊਦੀ ਅਰਬ ਦੀ ਸਰਕਾਰ ਨੇ ਹੱਜ ਯਾਤਰੀਆਂ ਨੂੰ ਆਬ-ਏ-ਜ਼ਮਜ਼ਮ ਨੂੰ ਸਮਾਨ ਵਿਚ ਲਿਜਾਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਨੋਟੀਫਿਕੇਸ਼ਨ 'ਚ ਇਹ ਨਹੀਂ ਦੱਸਿਆ ਗਿਆ ਹੈ ਕਿ ਇਸ ਪਵਿੱਤਰ ਜਲ ਨੂੰ ਲਿਆਉਣ 'ਤੇ ਪਾਬੰਦੀ ਕਿਉਂ ਲਾਈ ਗਈ ਹੈ।
ਏਅਰਲਾਈਨ ਕੰਪਨੀਆਂ ਨੂੰ ਆਬ-ਏ-ਜ਼ਮਜ਼ਮ 'ਤੇ ਪਾਬੰਦੀ ਦੇ ਫੈਸਲੇ ਦੀ ਸਖਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ। ਅਜਿਹਾ ਨਾ ਹੋਣ 'ਤੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਹਰ ਹਜ ਯਾਤਰੀ ਨੂੰ 10 ਲੀਟਰ ਅਬ-ਏ-ਜ਼ਮਜ਼ਮ ਲਿਆਉਣ ਦੀ ਇਜਾਜ਼ਤ ਸੀ। ਬਾਅਦ ਵਿੱਚ ਸਾਊਦੀ ਸਰਕਾਰ ਨੇ ਇਸ ਨੂੰ ਘਟਾ ਕੇ 5 ਲੀਟਰ ਕਰ ਦਿੱਤਾ। ਹੁਣ ਇਸ ਦੇ ਲਿਆਉਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਾਊਦੀ ਜਨਰਲ ਏਵੀਏਸ਼ਨ ਅਥਾਰਟੀ (SGAA) ਨੇ ਇਸ ਸਬੰਧ ਵਿਚ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਇਸ ਵਿਚ ਕਿਹਾ ਗਿਆ ਹੈ ਕਿ ਸ਼ਰਧਾਲੂ ਅਤੇ ਯਾਤਰੀ ਹਵਾਈ ਅੱਡੇ ਤੋਂ ਰਵਾਨਗੀ ਦੇ ਸਮੇਂ ਇਸ ਪਵਿੱਤਰ ਜਲ ਨੂੰ ਆਪਣੇ ਚੈੱਕ-ਇਨ ਸਾਮਾਨ ਵਿਚ ਨਹੀਂ ਲਿਜਾ ਸਕਣਗੇ। ਆਰਡਰ 'ਤੇ ਆਰਥਿਕ ਨੀਤੀਆਂ ਅਤੇ ਅੰਤਰਰਾਸ਼ਟਰੀ ਸਹਿਯੋਗ ਲਈ ਕਾਰਜਕਾਰੀ ਉਪ ਪ੍ਰਧਾਨ ਦੁਆਰਾ ਹਸਤਾਖਰ ਕੀਤੇ ਗਏ ਹਨ। ਇਸ ਨਿਯਮ ਦੀ ਪਾਲਣਾ ਸਾਰੀਆਂ ਵਪਾਰਕ ਅਤੇ ਨਿੱਜੀ ਏਅਰਲਾਈਨ ਕੰਪਨੀਆਂ ਨੂੰ ਕਰਨੀ ਪਵੇਗੀ। ਹੁਕਮਾਂ ਦੇ ਅਨੁਸਾਰ, ਕੋਈ ਵੀ ਤਰਲ (ਆਬ-ਏ-ਜ਼ਮਜ਼ਮ ਸਮੇਤ) ਸਮਾਨ ਵਿੱਚ ਨਹੀਂ ਲਿਜਾਇਆ ਜਾ ਸਕਦਾ ਹੈ।
ਨੋਟੀਫਿਕੇਸ਼ਨ ਮੁਤਾਬਕ ਜੇਦਾਹ ਅਤੇ ਸਾਊਦੀ ਅਰਬ ਦੇ ਹੋਰ ਸਾਰੇ ਹਵਾਈ ਅੱਡਿਆਂ 'ਤੇ ਮੌਜੂਦ ਸਟਾਫ ਸਖਤੀ ਨਾਲ ਜਾਂਚ ਕਰੇਗਾ ਕਿ ਕੀ ਕਿਸੇ ਯਾਤਰੀ ਦੇ ਸਾਮਾਨ 'ਚ ਇਸ ਪਵਿੱਤਰ ਜਲ ਦੀ ਬੋਤਲ ਹੈ ਜਾਂ ਨਹੀਂ। ਇਸ ਸਬੰਧ ਵਿੱਚ ਏਅਰਲਾਈਨਾਂ ਨੂੰ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ (SOPs) ਵੀ ਜਾਰੀ ਕਰ ਦਿੱਤੇ ਗਏ ਹਨ। ਸਾਊਦੀ ਸਰਕਾਰ ਦੇ ਪੁਰਾਣੇ ਨਿਯਮਾਂ ਮੁਤਾਬਕ ਹਰ ਯਾਤਰੀ ਨੂੰ 10 ਲੀਟਰ ਜ਼ਮਜ਼ਮ ਲਿਜਾਣ ਦੀ ਇਜਾਜ਼ਤ ਸੀ। ਬਾਅਦ ਵਿੱਚ ਇਸ ਨੂੰ ਘਟਾ ਕੇ 5 ਲੀਟਰ ਕਰ ਦਿੱਤਾ ਗਿਆ।
ਹੁਣ ਸਰਕਾਰ ਨੇ ਇਸ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਮੱਕਾ ਦੀ ਪਵਿੱਤਰ ਮਸਜਿਦ ਅਲ-ਹਰਮ ਤੋਂ ਲਗਭਗ 66 ਫੁੱਟ ਦੂਰ ਇੱਕ ਖੂਹ ਹੈ। ਇਸ ਨੂੰ ਜ਼ਮਜ਼ਮ ਕਿਹਾ ਜਾਂਦਾ ਹੈ। ਅਰਬੀ ਵਿੱਚ ਅਬ ਦਾ ਅਰਥ ਹੈ ਪਾਣੀ। ਕੁੱਲ ਮਿਲਾ ਕੇ ਇਸ ਖੂਹ ਵਿੱਚੋਂ ਨਿਕਲਣ ਵਾਲੇ ਪਾਣੀ ਨੂੰ ਆਬ-ਏ-ਜਮਜ਼ਮ ਕਿਹਾ ਜਾਂਦਾ ਹੈ। ਮੁਸਲਮਾਨ ਇਸ ਨੂੰ ਸਭ ਤੋਂ ਪਵਿੱਤਰ ਪਾਣੀ ਮੰਨਦੇ ਹਨ। ਕਿਹਾ ਜਾਂਦਾ ਹੈ ਕਿ ਇਹ ਖੂਹ ਕਰੀਬ ਚਾਰ ਹਜ਼ਾਰ ਸਾਲ ਪੁਰਾਣਾ ਹੈ। ਉਮਰਾ ਅਤੇ ਹੱਜ ਕਰਨ ਵਾਲੇ ਸ਼ਰਧਾਲੂ ਇਸ ਪਾਣੀ ਨੂੰ ਨਾਲ ਲੈ ਕੇ ਜਾਂਦੇ ਹਨ। ਘਰ ਪਰਤਣ ਤੋਂ ਬਾਅਦ ਇਹ ਲੋਕ ਇਸ ਨੂੰ ਆਪਣੇ ਰਿਸ਼ਤੇਦਾਰਾਂ ਵਿੱਚ ਵੀ ਵੰਡ ਦਿੰਦੇ ਹਨ। ਇਸ ਨੂੰ ਇੱਕ ਪਵਿੱਤਰ ਤੋਹਫ਼ਾ ਵੀ ਮੰਨਿਆ ਜਾਂਦਾ ਹੈ।