'ਤਾਨਾਸ਼ਾਹ ਮੁਰਦਾਬਾਦ' ਦੇ ਨਾਲ ਗੂੰਜਿਆ ਈਰਾਨ, ਕੁੜੀਆਂ ਵੀ ਸਾੜ ਰਹੀਆਂ ਹਿਜਾਬ

ਈਰਾਨ ਦੀ ਸਰਕਾਰ ਅੰਦੋਲਨ ਨੂੰ ਕੁਚਲਣ ਲਈ ਹਰ ਕੋਸ਼ਿਸ਼ ਕਰ ਰਹੀ ਹੈ, ਪਰ ਔਰਤਾਂ ਨੂੰ ਮਨਾਉਣ ਅਤੇ ਉਨ੍ਹਾਂ ਪ੍ਰਤੀ ਨਰਮ ਹੋਣ ਦਾ ਕੋਈ ਯਤਨ ਨਹੀਂ ਕੀਤਾ ਜਾ ਰਿਹਾ ਹੈ।
'ਤਾਨਾਸ਼ਾਹ ਮੁਰਦਾਬਾਦ' ਦੇ ਨਾਲ ਗੂੰਜਿਆ ਈਰਾਨ, ਕੁੜੀਆਂ ਵੀ ਸਾੜ ਰਹੀਆਂ ਹਿਜਾਬ

ਈਰਾਨ 'ਚ 22 ਸਾਲਾ ਲੜਕੀ ਦੀ ਪੁਲਿਸ ਹਿਰਾਸਤ 'ਚ ਸ਼ੱਕੀ ਹਾਲਾਤਾਂ 'ਚ ਮੌਤ ਤੋਂ ਬਾਅਦ ਉੱਠੀ ਹਿਜਾਬ ਵਿਰੋਧੀ ਲਹਿਰ ਉਥੋਂ ਦੀ ਇਸਲਾਮਿਕ ਸ਼ਾਸਨ ਲਈ ਵੱਡੀ ਚੁਣੌਤੀ ਬਣ ਰਹੀ ਹੈ। ਇਸ ਅੰਦੋਲਨ ਦਾ ਸੇਕ ਸਿਰਫ ਈਰਾਨ ਹੀ ਨਹੀਂ ਦੁਨੀਆ ਦੇ ਕਈ ਦੇਸ਼ਾਂ ਵਿਚ ਪਹੁੰਚ ਚੁੱਕਾ ਹੈ।

ਇਸ ਦੇ ਨਾਲ ਹੀ ਈਰਾਨ ਅਮਰੀਕਾ, ਬ੍ਰਿਟੇਨ ਵਰਗੇ ਦੇਸ਼ਾਂ 'ਤੇ ਸਾਜ਼ਿਸ਼ ਦਾ ਦੋਸ਼ ਲਗਾ ਰਿਹਾ ਹੈ। ਹੁਣ ਸਕੂਲੀ ਕੁੜੀਆਂ ਵੀ ਇਸ ਅੰਦੋਲਨ ਵਿੱਚ ਸ਼ਾਮਲ ਹੋ ਗਈਆਂ ਹਨ ਅਤੇ ਇਰਾਨ ਦੇ ਸੁਰੱਖਿਆ ਬਲਾਂ ਦੇ ਸਾਹਮਣੇ ਮਜ਼ਬੂਤੀ ਨਾਲ ਖੜ੍ਹੀਆਂ ਹਨ।

ਅੰਦੋਲਨ ਨੂੰ ਚਾਰ ਹਫ਼ਤੇ ਹੋ ਗਏ ਹਨ। ਈਰਾਨ ਦੀ ਸਰਕਾਰ ਅੰਦੋਲਨ ਨੂੰ ਕੁਚਲਣ ਲਈ ਹਰ ਕੋਸ਼ਿਸ਼ ਕਰ ਰਹੀ ਹੈ, ਪਰ ਔਰਤਾਂ ਨੂੰ ਮਨਾਉਣ ਅਤੇ ਉਨ੍ਹਾਂ ਪ੍ਰਤੀ ਨਰਮ ਹੋਣ ਦਾ ਕੋਈ ਯਤਨ ਨਹੀਂ ਕੀਤਾ ਜਾ ਰਿਹਾ ਹੈ। ਹੁਣ ਹਾਲਤ ਇਹ ਹੈ, ਕਿ ਲੋਕ ਆਪਣੇ ਤੌਰ 'ਤੇ ਘਰਾਂ ਤੋਂ ਬਾਹਰ ਆ ਕੇ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ ਅਤੇ ਤਾਨਾਸ਼ਾਹੀ ਕਾਨੂੰਨ ਤੋਂ ਆਜ਼ਾਦੀ ਦੀ ਮੰਗ ਕਰ ਰਹੇ ਹਨ। ਸਕੂਲੀ ਕੁੜੀਆਂ ਵੀ ਆਜ਼ਾਦੀ ਦੀ ਇਸ ਲਹਿਰ ਵਿੱਚ ਪਿੱਛੇ ਨਹੀਂ ਹਨ।

ਕਰਾਜਾ ਇਲਾਕੇ ਦੀ ਇੱਕ ਵੀਡੀਓ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਨੂੰ 'ਤਾਨਾਸ਼ਾਹ ਮੁਰਦਾਬਾਦ' ਦੇ ਨਾਅਰੇ ਲਾਉਂਦੇ ਦੇਖਿਆ ਜਾ ਸਕਦਾ ਹੈ। ਜਦੋਂ ਕਿ ਕੁਝ ਲੜਕੀਆਂ ਸਕੂਲ ਦੇ ਪ੍ਰਿੰਸੀਪਲ ਵੱਲ ਭੱਜ ਰਹੀਆਂ ਸਨ। ਇਕ ਹੋਰ ਵੀਡੀਓ 'ਚ ਕਰਜ਼ਾ ਨੇੜੇ ਗੋਹਰਦਸਤ ਇਲਾਕੇ 'ਚ ਔਰਤਾਂ ਨਾਅਰੇਬਾਜ਼ੀ ਕਰਦੀਆਂ ਦਿਖਾਈ ਦੇ ਰਹੀਆਂ ਹਨ। ਕੁੜੀਆਂ ਸਾਰਿਆਂ ਦੇ ਸਾਹਮਣੇ ਆਪਣਾ ਹਿਜਾਬ ਉਤਾਰ ਕੇ ਪ੍ਰਦਰਸ਼ਨ ਕਰ ਰਹੀਆਂ ਹਨ।

ਇਸ ਅੰਦੋਲਨ ਦੇ ਸ਼ੁਰੂ ਹੋਣ ਤੋਂ ਬਾਅਦ ਘੱਟੋ-ਘੱਟ 92 ਲੋਕਾਂ ਦੀ ਜਾਨ ਜਾ ਚੁੱਕੀ ਹੈ। ਪ੍ਰਸ਼ਾਸਨ ਲਗਾਤਾਰ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਇਸ ਨੂੰ ਲੋਕਾਂ ਅਤੇ ਕੌਮਾਂਤਰੀ ਭਾਈਚਾਰੇ ਨੂੰ ਮੂਲ ਮੁੱਦੇ ਤੋਂ ਭਟਕਾਉਣ ਦੀ ਵਿਦੇਸ਼ੀ ਸਾਜ਼ਿਸ਼ ਕਰਾਰ ਦੇ ਰਿਹਾ ਹੈ। ਈਰਾਨ ਦੇ ਵਿਦੇਸ਼ ਮੰਤਰੀ ਨੇ ਸੰਯੁਕਤ ਰਾਸ਼ਟਰ ਵਿੱਚ ਜਾ ਕੇ ਕਿਹਾ ਕਿ ਇਹ ਛੋਟਾ ਜਿਹਾ ਮਾਮਲਾ ਹੈ। ਇਸ ਤੋਂ ਬਾਅਦ ਕੈਨੇਡਾ ਸਮੇਤ ਕਈ ਦੇਸ਼ਾਂ ਨੇ ਵੀ ਈਰਾਨ 'ਤੇ ਪਾਬੰਦੀਆਂ ਦਾ ਐਲਾਨ ਕੀਤਾ ਹੈ।

ਈਰਾਨ ਵਿੱਚ 1979 ਵਿੱਚ ਇਸਲਾਮੀ ਕ੍ਰਾਂਤੀ ਤੋਂ ਬਾਅਦ, ਇਹ ਇੱਕ ਕਾਨੂੰਨ ਬਣਾਇਆ ਗਿਆ ਸੀ ਕਿ ਔਰਤਾਂ ਨੂੰ ਪਰਦੇ ਦੇ ਨਾਲ-ਨਾਲ ਸਰੀਰ ਨੂੰ ਢੱਕਣ ਲਈ ਹਿਜਾਬ ਜਾਂ ਬੁਰਕਾ ਪਹਿਨਣਾ ਚਾਹੀਦਾ ਹੈ। ਜਿਹੜੀਆਂ ਔਰਤਾਂ ਇਸ ਨਿਯਮ ਦੀ ਪਾਲਣਾ ਨਹੀਂ ਕਰਦੀਆਂ, ਉਨ੍ਹਾਂ 'ਤੇ ਸਖ਼ਤ ਤਸ਼ੱਦਦ ਕੀਤਾ ਜਾਂਦਾ ਹੈ। ਜਦੋਂ ਈਰਾਨੀ ਔਰਤਾਂ ਇਸ ਦਾ ਵਿਰੋਧ ਕਰਦੀਆਂ ਹਨ ਤਾਂ ਸਰਕਾਰ ਦਾ ਬਿਆਨਬਾਜ਼ੀ ਜਵਾਬ ਹੁੰਦਾ ਹੈ, ਕਿ ਇਸ ਵਿਰੋਧ ਦੇ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਹੈ।

Related Stories

No stories found.
Punjab Today
www.punjabtoday.com