
ਸ੍ਰੀਲੰਕਾ ਦੇ ਆਰਥਿਕ ਹਾਲਾਤ ਬਹੁਤ ਖ਼ਰਾਬ ਹਨ ਅਤੇ ਹੁਣ ਦੂਜੇ ਪਾਸੇ ਬਾਂਦਰ ਸ਼੍ਰੀਲੰਕਾ ਲਈ ਮੁਸੀਬਤ ਬਣ ਗਏ ਹਨ। ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਸ਼੍ਰੀਲੰਕਾ ਆਪਣੇ ਖਰਚਿਆਂ ਨੂੰ ਘੱਟ ਕਰਨ ਲਈ ਵੱਖ-ਵੱਖ ਤਰੀਕੇ ਅਜ਼ਮਾ ਰਿਹਾ ਹੈ। ਹੁਣ ਉੱਥੋਂ ਦੀ ਸਰਕਾਰ ਆਪਣੇ ਟੋਕ ਮਕਾਕ ਬਾਂਦਰਾਂ 'ਤੇ ਹੋਣ ਵਾਲੇ ਖਰਚ ਨੂੰ ਘੱਟ ਕਰਨ ਲਈ ਚੀਨ ਤੋਂ ਮਦਦ ਲਵੇਗਾ।
ਸ਼੍ਰੀਲੰਕਾ ਦੇ ਖੇਤੀਬਾੜੀ ਮੰਤਰੀ ਮਹਿੰਦਰ ਅਮਰਵੀਰਾ ਨੇ ਇਹ ਜਾਣਕਾਰੀ ਦਿੱਤੀ ਹੈ। ਆਪਣੇ ਬਿਆਨ ਵਿਚ ਉਸ ਨੇ ਦੱਸਿਆ ਕਿ ਚੀਨ ਨੇ ਉਸ ਤੋਂ 1000 ਚਿੜੀਆਘਰਾਂ ਲਈ ਬਾਂਦਰਾਂ ਦੀ ਮੰਗ ਕੀਤੀ ਹੈ। ਇਸ ਬਾਰੇ ਵਿਚਾਰ ਕਰਨ ਲਈ ਇੱਕ ਕਮੇਟੀ ਬਣਾਈ ਗਈ ਹੈ। ਜੋ ਚੀਨ ਨੂੰ ਇੱਕ ਲੱਖ ਬਾਂਦਰ ਵੇਚਣ ਦੀ ਪੂਰੀ ਯੋਜਨਾ ਬਣਾਏਗਾ।
ਚੀਨ ਨੂੰ ਮਕਾਕ ਬਾਂਦਰ ਦੇਣ ਤੋਂ ਪਹਿਲਾਂ ਹੀ ਸ਼੍ਰੀਲੰਕਾ ਦੇ ਵਾਤਾਵਰਣ ਪ੍ਰੇਮੀਆਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਰਿਪੋਰਟਾਂ ਮੁਤਾਬਕ ਉਨ੍ਹਾਂ ਦਾ ਕਹਿਣਾ ਹੈ ਕਿ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸਰਕਾਰ ਨੂੰ ਦੇਸ਼ 'ਚ ਬਾਂਦਰਾਂ ਦੀ ਗਿਣਤੀ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਚੀਨ ਦੇ ਬਾਂਦਰਾਂ ਨੂੰ ਖਰੀਦਣ ਦੇ ਫੈਸਲੇ 'ਤੇ ਸਵਾਲ ਚੁੱਕੇ ਹਨ। ਵਾਤਾਵਰਨ ਕਾਰਕੁਨ ਜਗਥ ਗੁਣਾਵਰਦੇਨਾ ਨੇ ਨਿਊਜ਼ ਏਜੰਸੀ ਐਫਪੀ ਨੂੰ ਦੱਸਿਆ, "ਅਸੀਂ ਜਾਣਨਾ ਚਾਹੁੰਦੇ ਹਾਂ ਕਿ ਚੀਨ ਇਨ੍ਹਾਂ ਬਾਂਦਰਾਂ ਨੂੰ ਕਿਉਂ ਚਾਹੁੰਦਾ ਹੈ, ਕੀ ਉਹ ਇਨ੍ਹਾਂ 'ਤੇ ਕੋਈ ਖੋਜ ਕਰਨਾ ਚਾਹੁੰਦੇ ਹਨ ਜਾਂ ਫਿਰ ਉਨ੍ਹਾਂ ਨੂੰ ਖਾਣ ਦੇ ਮਕਸਦ ਨਾਲ ਖਰੀਦਿਆ ਜਾ ਰਿਹਾ ਹੈ।"
ਬੇਸ਼ੱਕ ਸ੍ਰੀਲੰਕਾ ਵਿੱਚ ਬਾਂਦਰ ਸੁਰੱਖਿਅਤ ਜਾਨਵਰਾਂ ਦੀ ਸੂਚੀ ਵਿੱਚ ਨਹੀਂ ਹਨ, ਪਰ ਉਨ੍ਹਾਂ ਨੂੰ ਅੰਤਰਰਾਸ਼ਟਰੀ ਰੈੱਡ ਲਿਸਟ ਵਿੱਚ ਖ਼ਤਰੇ ਵਾਲੇ ਜਾਨਵਰਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਸ਼੍ਰੀਲੰਕਾ ਵਿੱਚ ਬਾਂਦਰਾਂ ਦੀਆਂ ਤਿੰਨ ਕਿਸਮਾਂ ਹਨ। ਇਨ੍ਹਾਂ ਵਿੱਚੋਂ ਟੋਕ ਮਕਾਕ ਬਾਂਦਰਾਂ ਦੀ ਆਬਾਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਹੈ। ਇਕ ਰਿਪੋਰਟ ਮੁਤਾਬਕ ਸ਼੍ਰੀਲੰਕਾ ਵਿਚ ਟੋਕ ਮਕਾਕ ਬਾਂਦਰਾਂ ਦੀ ਗਿਣਤੀ 20 ਤੋਂ 30 ਲੱਖ ਦੇ ਵਿਚਕਾਰ ਹੈ। ਜੋ ਕਿ ਉੱਥੇ ਕਈ ਸਮੱਸਿਆਵਾਂ ਦਾ ਕਾਰਨ ਬਣ ਰਿਹਾ ਹੈ। ਇਸ ਕਾਰਨ ਹਾਲ ਹੀ ਵਿੱਚ ਸ੍ਰੀਲੰਕਾ ਨੇ ਕੁਝ ਜਾਨਵਰਾਂ ਨੂੰ ਸੁਰੱਖਿਅਤ ਜਾਨਵਰਾਂ ਦੀ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਸੀ। ਇਸ ਕਾਰਨ ਉਥੋਂ ਦੇ ਕਿਸਾਨਾਂ ਨੂੰ ਉਨ੍ਹਾਂ ਨੂੰ ਮਾਰਨ ਦੀ ਇਜਾਜ਼ਤ ਮਿਲ ਗਈ ਹੈ।