
ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਹਾਲਾਤ ਲਗਾਤਾਰ ਖਰਾਬ ਹੁੰਦੇ ਜਾਂ ਰਹੇ ਹਨ। ਅਫਗਾਨਿਸਤਾਨ ਵਿੱਚ ਤਾਲਿਬਾਨ ਸਰਕਾਰ ਨੇ ਇੱਕ ਮਹਿਲਾ ਰੇਡੀਓ ਸਟੇਸ਼ਨ ਨੂੰ ਬੰਦ ਕਰ ਦਿੱਤਾ ਹੈ। ਇਸ 'ਤੇ ਰਮਜ਼ਾਨ ਦੇ ਮਹੀਨੇ 'ਚ ਗੀਤ ਚਲਾਉਣ ਦਾ ਦੋਸ਼ ਸੀ। ਰੇਡੀਓ ਸਟੇਸ਼ਨ ਦਾ ਨਾਂ ਸਦਾ ਬਨੋਵਨ ਸੀ, ਇਸਦਾ ਅਰਥ ਹੈ ਔਰਤਾਂ ਦੀ ਆਵਾਜ਼।
ਰੇਡੀਓ ਸਟੇਸ਼ਨ 10 ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਇਸ ਵਿੱਚ ਸਿਰਫ਼ 6 ਵਿਅਕਤੀਆਂ ਦਾ ਸਟਾਫ਼ ਸੀ, ਜਿਸ ਵਿੱਚ ਸਿਰਫ਼ ਔਰਤਾਂ ਸ਼ਾਮਲ ਸਨ। ਬਦਖ਼ਸ਼ਾਨ ਸੂਬੇ ਦੇ ਸੱਭਿਆਚਾਰ ਅਤੇ ਸੂਚਨਾ ਮੰਤਰੀ ਨੇ ਰੇਡੀਓ ਸਟੇਸ਼ਨ 'ਤੇ ਪਾਬੰਦੀ ਦੀ ਪੁਸ਼ਟੀ ਕੀਤੀ ਹੈ। ਉਸਨੇ ਕਿਹਾ ਹੈ ਕਿ ਇਹ ਸਟੇਸ਼ਨ ਇਸਲਾਮ ਦੇ ਕਾਨੂੰਨਾਂ ਦੀ ਉਲੰਘਣਾ ਕਰ ਰਿਹਾ ਸੀ।
ਮੋਇਜ਼ੂਦੀਨ ਅਹਿਮਦੀ ਨੇ ਕਿਹਾ ਕਿ ਰੇਡੀਓ ਸਟੇਸ਼ਨ ਨੂੰ ਮੁੜ ਚਾਲੂ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਜੇਕਰ ਇਹ ਗਰੰਟੀ ਦਿੰਦਾ ਹੈ ਕਿ ਇਹ ਅਫਗਾਨ ਸਰਕਾਰ ਦੀਆਂ ਸਾਰੀਆਂ ਸ਼ਰਤਾਂ ਦੀ ਪਾਲਣਾ ਕਰੇਗਾ। ਇਸ ਦੇ ਨਾਲ ਹੀ ਸਟੇਸ਼ਨ ਦੀ ਮੁਖੀ ਨਾਜ਼ੀਆ ਸੋਰੋਸ਼ ਨੇ ਮੋਇਜ਼ੂਦੀਨ ਦੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਅਲਜਜ਼ੀਰਾ ਦੀ ਰਿਪੋਰਟ ਮੁਤਾਬਕ 2021 'ਚ ਅਫਗਾਨਿਸਤਾਨ 'ਚ ਤਾਲਿਬਾਨ ਦੇ ਸੱਤਾ 'ਚ ਆਉਣ ਤੋਂ ਬਾਅਦ ਕਈ ਪੱਤਰਕਾਰਾਂ ਨੇ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ ਹਨ।
ਤਾਲਿਬਾਨ ਨੇ ਕਈ ਮੀਡੀਆ ਆਊਟਲੈਟਸ ਬੰਦ ਕਰ ਦਿੱਤੇ ਹਨ। ਜਿਸ ਕਾਰਨ ਕਈ ਪੱਤਰਕਾਰਾਂ ਨੂੰ ਦੇਸ਼ ਛੱਡਣਾ ਪਿਆ। ਦੂਜੇ ਪਾਸੇ ਜਿਹੜੇ ਪੱਤਰਕਾਰਾਂ ਨੇ ਤਾਲਿਬਾਨ ਦੀ ਗੱਲ ਨਹੀਂ ਸੁਣੀ, ਉਨ੍ਹਾਂ ਨੂੰ ਜੇਲ੍ਹਾਂ ਵਿੱਚ ਡੱਕ ਕੇ ਤਸੀਹੇ ਦਿੱਤੇ ਗਏ। ਤਾਲਿਬਾਨ ਨੇ ਔਰਤਾਂ ਦੇ ਛੇਵੀਂ ਜਮਾਤ ਤੋਂ ਅੱਗੇ ਪੜ੍ਹਨ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਹਾਲਾਂਕਿ ਸੰਗੀਤ ਸੁਣਨ 'ਤੇ ਕੋਈ ਅਧਿਕਾਰਤ ਪਾਬੰਦੀ ਨਹੀਂ ਹੈ, ਪਰ ਔਰਤਾਂ ਨੂੰ ਇਸ ਦੀ ਸਜ਼ਾ ਦਿੱਤੀ ਜਾ ਰਹੀ ਹੈ। ਪਿੱਛਲੇ ਦਿਨੀ ਅਫਗਾਨਿਸਤਾਨ ਦੇ ਇੱਕ ਫੁੱਟਬਾਲ ਸਟੇਡੀਅਮ ਵਿੱਚ ਹਜ਼ਾਰਾਂ ਦੀ ਭੀੜ ਦੇ ਸਾਹਮਣੇ ਨੈਤਿਕ ਅਪਰਾਧਾਂ ਦੇ ਦੋਸ਼ੀ 12 ਵਿਅਕਤੀਆਂ ਦੀ ਕੁੱਟਮਾਰ ਕੀਤੀ ਗਈ। ਇਨ੍ਹਾਂ 12 ਲੋਕਾਂ ਵਿੱਚ 3 ਔਰਤਾਂ ਵੀ ਸ਼ਾਮਲ ਹਨ। ਤਾਲਿਬਾਨ ਦੇ ਇਕ ਅਧਿਕਾਰੀ ਮੁਤਾਬਕ ਇਨ੍ਹਾਂ ਲੋਕਾਂ 'ਤੇ ਚੋਰੀ, ਵਿਭਚਾਰ ਅਤੇ ਸਮਲਿੰਗੀ ਸੈਕਸ ਦੇ ਦੋਸ਼ ਸਨ। ਇਸ ਮਹੀਨੇ ਇਹ ਦੂਜੀ ਵਾਰ ਹੈ ਜਦੋਂ ਤਾਲਿਬਾਨ ਨੇ ਕਿਸੇ ਜਨਤਕ ਸਥਾਨ 'ਤੇ ਲੋਕਾਂ ਨੂੰ ਅਪਰਾਧ ਲਈ ਸਜ਼ਾ ਦਿੱਤੀ ਹੈ।