
ਬ੍ਰਿਟੇਨ ਦੇ ਲੋਕ ਕੋਰੋਨਾ ਮਹਾਮਾਰੀ ਤੋਂ ਪਹਿਲਾ ਹੀ ਦੁਖੀ ਸਨ, ਹੁਣ ਯੂਨਾਈਟਿਡ ਕਿੰਗਡਮ ਵਿੱਚ ਲੱਖਾਂ ਲੋਕ ਭੋਜਨ ਦੀ ਅਸੁਰੱਖਿਆ ਦੇ ਕਾਰਨ ਦਿਨ ਲਈ ਆਪਣਾ ਭੋਜਨ ਖਾਣ ਵਿੱਚ ਅਸਮਰੱਥ ਹਨ। ਪਿਛਲੇ ਕੁਝ ਮਹੀਨਿਆਂ ਤੋਂ ਸਥਿਤੀ ਵਿਗੜ ਗਈ ਹੈ। ਖਾਸ ਕਰਕੇ ਜਦੋਂ ਤੋਂ ਰੂਸ ਨੇ ਯੂਕਰੇਨ 'ਤੇ ਹਮਲਾ ਕੀਤਾ ਹੈ।
ਯੂਨਾਈਟਿਡ ਕਿੰਗਡਮ ਵਿੱਚ ਲੋਕ ਯੁੱਧ ਤੋਂ ਬਾਅਦ ਪੂਰਾ ਭੋਜਨ ਖਾਣ ਦੇ ਯੋਗ ਨਹੀਂ ਹਨ। ਸ਼ੁਰੂ 'ਚ ਕੋਰੋਨਾ ਵਾਇਰਸ ਮਹਾਮਾਰੀ ਨੇ ਦੇਸ਼ ਦੀ ਅਰਥਵਿਵਸਥਾ ਨੂੰ ਵੱਡਾ ਝਟਕਾ ਦਿੱਤਾ ਸੀ, ਹੁਣ ਯੂਕਰੇਨ 'ਚ ਜੰਗ ਕਾਰਨ ਖਾਣ-ਪੀਣ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਫੂਡ ਫਾਊਂਡੇਸ਼ਨ ਚੈਰਿਟੀ ਦੀ ਰਿਪੋਰਟ ਮੁਤਾਬਕ ਯੂਕਰੇਨ 'ਚ ਜੰਗ ਦਾ ਸਿੱਧਾ ਅਸਰ ਯੂਨਾਈਟਿਡ ਕਿੰਗਡਮ 'ਤੇ ਪਿਆ ਹੈ। ਜਿਸ ਕਾਰਨ ਦੇਸ਼ ਵਿੱਚ ਮਹਿੰਗਾਈ ਵੀ ਵਧੀ ਹੈ। ਹਾਲਾਤ ਇਹ ਬਣ ਗਏ ਹਨ ਕਿ ਸਤੰਬਰ ਮਹੀਨੇ ਵਿੱਚ ਪੰਜ ਵਿੱਚੋਂ ਇੱਕ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਭੋਜਨ ਦੀ ਘਾਟ ਦਾ ਸਾਹਮਣਾ ਕਰਨਾ ਪਿਆ ਹੈ।
ਅੰਕੜੇ ਦਰਸਾਉਂਦੇ ਹਨ, ਕਿ ਸਤੰਬਰ ਵਿੱਚ 18 ਪ੍ਰਤੀਸ਼ਤ ਪਰਿਵਾਰਾਂ ਨੂੰ ਆਪਣੇ ਭੋਜਨ ਦੀ ਮਾਤਰਾ ਘਟਾਉਣ ਲਈ ਮਜਬੂਰ ਕੀਤਾ ਗਿਆ ਸੀ। ਜਦੋਂ ਕਿ 6 ਫੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਦਾ ਸਾਰਾ ਦਿਨ ਬਿਨਾਂ ਕੁਝ ਖਾਧੇ ਹੀ ਲੰਘ ਜਾਂਦਾ ਹੈ। ਰਿਪੋਰਟ ਮੁਤਾਬਕ ਯੂਨਾਈਟਿਡ ਕਿੰਗਡਮ ਭੋਜਨ ਦੀ ਅਸੁਰੱਖਿਆ ਦੇ ਸਭ ਤੋਂ ਬੁਰੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਦੇਸ਼ ਵਿੱਚ ਭੋਜਨ ਅਤੇ ਊਰਜਾ ਦੀਆਂ ਕੀਮਤਾਂ 2022 ਦੀ ਸ਼ੁਰੂਆਤ ਤੋਂ ਹੀ ਉਤਰਾਅ-ਚੜ੍ਹਾਅ ਰਹੀਆਂ ਹਨ।
ਜਿੱਥੇ ਸਰਕਾਰ ਨੇ ਇਸ ਸਮੱਸਿਆ ਦੇ ਹੱਲ ਲਈ ਕਈ ਉਪਾਅ ਕੀਤੇ ਹਨ, ਉੱਥੇ ਦੇਸ਼ ਦੇ ਸਭ ਤੋਂ ਕਮਜ਼ੋਰ ਪਰਿਵਾਰਾਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਅੰਕੜੇ ਇਹ ਵੀ ਦਰਸਾਉਂਦੇ ਹਨ, ਕਿ ਭੋਜਨ ਦੀ ਅਸੁਰੱਖਿਆ ਕਾਰਨ ਬੱਚੇ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ। ਹਾਲਾਤ ਇਹ ਬਣ ਗਏ ਹਨ ਕਿ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਨੇ ਸਰਕਾਰ ਤੋਂ ਬੱਚਿਆਂ ਲਈ ਮੁਫਤ ਭੋਜਨ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਅਜੇ ਤੱਕ ਬਹੁਤੇ ਪ੍ਰਾਇਮਰੀ ਸਕੂਲਾਂ ਵਿੱਚ ਅਜਿਹਾ ਨਹੀਂ ਕੀਤਾ ਗਿਆ।
ਬ੍ਰਿਟੇਨ 'ਚ ਸਥਿਤੀ ਬਹੁਤ ਵਿਗੜ ਰਹੀ ਹੈ, ਸਮਾਜਸੇਵੀ ਸੰਸਥਾਵਾਂ ਵਲੋਂ ਯੂਨੀਵਰਸਲ ਕ੍ਰੈਡਿਟ ਪ੍ਰਾਪਤ ਕਰਨ ਵਾਲੇ ਸਾਰੇ ਪਰਿਵਾਰਾਂ ਲਈ ਮੁਫਤ ਸਕੂਲੀ ਭੋਜਨ ਲਈ ਯੋਗਤਾ ਨੂੰ ਤੁਰੰਤ ਵਧਾਉਣ ਦੀ ਮੰਗ ਕੀਤੀ ਗਈ ਹੈ, ਤਾਂ ਜੋ ਸਹਾਇਤਾ ਉਹਨਾਂ ਬੱਚਿਆਂ ਤੱਕ ਪਹੁੰਚ ਸਕੇ, ਜਿਨ੍ਹਾਂ ਨੂੰ ਇਸਦੀ ਸਭ ਤੋਂ ਵੱਧ ਲੋੜ ਹੈ।