ਪਾਕਿਸਤਾਨੀ ਪੰਜਾਬ ਫੌਜ ਦੇ ਹਵਾਲੇ, ਹਰ ਸ਼ਹਿਰ 'ਚ ਹਿੰਸਾ-ਅਗਜ਼ਨੀ

ਪਾਕਿਸਤਾਨ ਵਿੱਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਇਸਲਾਮਾਬਾਦ 'ਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਅਲ-ਜਜ਼ੀਰਾ ਮੁਤਾਬਕ ਪੁਲਿਸ ਹੁਣ ਤੱਕ ਇਮਰਾਨ ਦੇ 1,000 ਸਮਰਥਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ।
ਪਾਕਿਸਤਾਨੀ ਪੰਜਾਬ ਫੌਜ ਦੇ ਹਵਾਲੇ, ਹਰ ਸ਼ਹਿਰ 'ਚ ਹਿੰਸਾ-ਅਗਜ਼ਨੀ

ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਪਾਕਿਸਤਾਨ ਵਿਚ ਹਰ ਥਾਂ 'ਤੇ ਹਿੰਸਾ ਹੋ ਰਹੀ ਹੈ। ਪਾਕਿਸਤਾਨ 'ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 9 ਮਈ ਨੂੰ ਦੁਪਹਿਰ 3 ਵਜੇ ਦੇ ਕਰੀਬ ਗ੍ਰਿਫਤਾਰ ਕੀਤਾ ਗਿਆ ਸੀ। ਇਹ ਗ੍ਰਿਫਤਾਰੀ ਪਾਕਿਸਤਾਨੀ ਰੇਂਜਰਾਂ ਨੇ ਅਲ-ਕਾਦਿਰ ਟਰੱਸਟ ਘੁਟਾਲੇ ਮਾਮਲੇ 'ਚ NAB (ਰਾਸ਼ਟਰੀ ਜਵਾਬਦੇਹੀ ਬਿਊਰੋ) ਦੇ ਹੁਕਮਾਂ 'ਤੇ ਕੀਤੀ ਹੈ।

ਪਾਕਿਸਤਾਨ ਦੇ ਅਖਬਾਰ 'ਦਿ ਡਾਨ' ਮੁਤਾਬਕ ਅਲ ਕਾਦਿਰ ਟਰੱਸਟ ਘੁਟਾਲਾ ਲਗਭਗ 60 ਅਰਬ ਪਾਕਿਸਤਾਨੀ ਰੁਪਏ ਦਾ ਹੈ ਅਤੇ ਇਸ ਵਿਚ ਇਮਰਾਨ, ਪਤਨੀ ਬੁਸ਼ਰਾ ਬੀਬੀ ਅਤੇ ਬੁਸ਼ਰਾ ਦੀ ਦੋਸਤ ਫਰਾਹ ਗੋਗੀ ਨੇ ਇਸਦਾ ਫਾਇਦਾ ਉਠਾਇਆ। ਗ੍ਰਿਫਤਾਰੀ ਤੋਂ ਪਹਿਲਾਂ ਇਮਰਾਨ 2 ਮਾਮਲਿਆਂ 'ਚ ਜ਼ਮਾਨਤ ਲਈ ਹਾਈਕੋਰਟ ਪਹੁੰਚਿਆ ਸੀ। ਗ੍ਰਿਫਤਾਰੀ ਤੋਂ ਬਾਅਦ ਪੀਟੀਆਈ ਵਰਕਰਾਂ ਨੇ ਦੇਸ਼ ਭਰ ਵਿੱਚ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ।

ਅਲ-ਜਜ਼ੀਰਾ ਮੁਤਾਬਕ ਪੁਲਿਸ ਹੁਣ ਤੱਕ ਇਮਰਾਨ ਦੇ 1,000 ਸਮਰਥਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਹਰ ਸ਼ਹਿਰ ਵਿੱਚ ਹਿੰਸਾ ਅਤੇ ਅੱਗਜ਼ਨੀ ਹੋ ਰਹੀ ਹੈ। ਸਭ ਤੋਂ ਵੱਡਾ ਸੂਬਾ ਪੰਜਾਬ ਹੁਣ ਫੌਜ ਦੇ ਹੱਥਾਂ ਵਿੱਚ ਹੈ। ਦੇਸ਼ ਵਿੱਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਇਸਲਾਮਾਬਾਦ 'ਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਅਹਿਮ ਸ਼ਹਿਰਾਂ ਵਿੱਚ ਨੀਮ ਫ਼ੌਜੀ ਬਲ ਦੇ ਰੇਂਜਰਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਜਿੱਥੇ ਇਮਰਾਨ ਖਾਨ ਦੀ ਗ੍ਰਿਫਤਾਰੀ ਨੂੰ ਲੈ ਕੇ ਪਾਕਿਸਤਾਨ 'ਚ ਹਫੜਾ-ਦਫੜੀ ਦਾ ਮਾਹੌਲ ਹੈ, ਉਥੇ ਹੀ ਪਾਕਿਸਤਾਨ ਦੇ ਲੋਕ ਵਿਦੇਸ਼ਾਂ 'ਚ ਵੀ ਇਮਰਾਨ ਖਾਨ ਦੇ ਸਮਰਥਨ 'ਚ ਪ੍ਰਦਰਸ਼ਨ ਕਰ ਰਹੇ ਹਨ।

ਪੀਟੀਆਈ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਵਿਦੇਸ਼ਾਂ ਵਿੱਚ ਹੋ ਰਹੇ ਪ੍ਰਦਰਸ਼ਨਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਬਿਲਾਵਲ ਭੁੱਟੋ-ਜ਼ਰਦਾਰੀ ਨੇ ਪੀਟੀਆਈ ਨੂੰ "ਮਾਮਲੇ ਨੂੰ ਹੋਰ ਖ਼ਰਾਬ" ਨਾ ਕਰਨ ਦੀ ਸਲਾਹ ਦਿੱਤੀ ਹੈ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਦੇਸ਼ ਵਿੱਚ ਹਿੰਸਕ ਪ੍ਰਦਰਸ਼ਨਾਂ ਨੂੰ ਖਤਮ ਕਰਨ ਲਈ ਕਿਹਾ ਹੈ । ਉਨ੍ਹਾਂ ਕਿਹਾ ਕਿ PTI ਦੀ ਪ੍ਰਤੀਕਿਰਿਆ ਪੂਰੀ ਤਰ੍ਹਾਂ ਅਣਉਚਿਤ ਹੈ। ਵਿਦੇਸ਼ ਮੰਤਰੀ ਬਿਲਾਵਲ ਭੁੱਟੋ-ਜ਼ਰਦਾਰੀ ਨੇ ਕਿਹਾ ਕਿ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਨੂੰ ਉਨ੍ਹਾਂ ਦੀਆਂ ਕਾਰਵਾਈਆਂ ਲਈ ਜਵਾਬਦੇਹ ਠਹਿਰਾਇਆ ਜਾਵੇਗਾ। ਉਨ੍ਹਾਂ ਪੀਟੀਆਈ 'ਤੇ ਕਾਨੂੰਨ ਅਤੇ ਸੰਵਿਧਾਨ ਦੀ ਉਲੰਘਣਾ ਕਰਨ ਅਤੇ ਦੇਸ਼ ਨੂੰ ਅਰਾਜਕਤਾ ਵੱਲ ਲਿਜਾਣ ਦਾ ਦੋਸ਼ ਲਾਇਆ ਹੈ।

Related Stories

No stories found.
logo
Punjab Today
www.punjabtoday.com